ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਅਗਸਤ
ਲੰਘੇ ਦਿਨ ਇਥੇ ਵਾਪਰੇ ਹਾਦਸੇ ਦੌਰਾਨ ਕਾਰ ਸਮੇਤ ਭਾਖੜਾ ’ਚ ਡਿੱਗੇ ਫੌਜ ਵਿਚੋਂ ਛੁੱਟੀ ਆਏ ਤਿੰਨ ਦੋਸਤਾਂ ਵਿਚੋਂ ਇੱਕ ਨੂੰ ਤਾਂ ਭਾਵੇੇਂ ਰਾਹਗੀਰਾਂ ਨੇ ਬਚਾਅ ਲਿਆ ਸੀ ਤੇ ਦੂਜੇ ਦੀ ਲਾਸ਼ ਮਿਲ ਗਈ ਸੀ। ਜਦਕਿ ਹਾਦਸੇ ਮਗਰੋਂ ਲਾਪਤਾ ਹੋਏ ਤੀਜੇ ਫੌਜੀ ਜਵਾਨ ਦੀ ਗੋਤਾਖੋਰ ਅੱਜ ਵੀ ਤਲਾਸ਼ ਕਰਦੇ ਰਹੇ।
ਭਾਰਤੀ ਫੌਜ ਦੀ ਇੱਕੋ ਹੀ ਯੂਨਿਟ ਨਾਲ਼ ਸਬੰਧਿਤ ਛੁੱਟੀ ਆਏ ਇਨ੍ਹਾਂ ਤਿੰਨਾਂ ਦੋਸਤਾਂ ਦੀ ਛੁੱਟੀ 27 ਅਗਸਤ ਤੱਕ ਹੈ ਜਿਸ ਦੇ ਚੱਲਦਿਆਂ ਹੀ ਉਹ ਕੱਲ੍ਹ ਜਦੋਂ ਆਪਣੇ ਇੱਕ ਹੋਰ ਫੌਜੀ ਸਾਥੀ ਨੂੰ ਮਿਲ ਕੇ ਭਾਖੜਾ ਦੀ ਪਟੜੀ ਤੋਂ ਜਾ ਰਹੇ ਸਨ, ਤਾਂ ਪਟਿਆਲਾ ਦੇ ਨਾਲ਼ ਹੀ ਲੱਗਦੇ ਅਬਲੋਵਾਲ਼ ਪਿੰਡ ਕੋਲ਼ ਉਨ੍ਹਾਂ ਦੀ ਸੈਂਟਰੋ ਕਾਰ ਭਾਖੜਾ ’ਚ ਜਾ ਡਿੱਗੀ ਸੀ। ਇਸ ਦੌਰਾਨ ਕਮਲਦੀਪ ਸਿੰਘ ਵਾਸੀ ਦੇਵੀਗੜ੍ਹ ਨੂੰ ਤਾਂ ਰਾਹਗੀਰਾਂ ਨੇ ਬਚਾਅ ਲਿਆ ਸੀ।
ਫੇਰ ਜਦੋਂ ਘਟਨਾ ਸਥਾਨ ’ਤੇ ਪੁੱਜੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਗੋਤਾਖੋਰਾਂ ਅਤੇ ਲੋਕਾਂ ਦੀ ਮਦਦ ਨਾਲ਼ ਕਾਰ ਬਾਹਰ ਕਢਵਾਈ, ਤਾਂ ਜਗਮੀਤ ਸਿੰਘ ਦੀ ਲਾਸ਼ ਬਰਾਮਦ ਹੋਈ। ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਦਾਮਪੁਰ ਦਾ ਵਸਨੀਕ ਸੀ। ਜਦਕਿ ਕਾਰ ਵਿਚ ਹੀ ਸਵਾਰ ਪਟਿਆਲਾ ਨੇੜਲੇ ਪਿੰਡ ਮਨਪ੍ਰੀਤ ਸਿੰਘ ਦਾ ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਸਕਿਆ। ਪਰ ਪੁਲੀਸ ਦੇ ਕਹਿਣ ’ਤੇ ਸ਼ੰਕਰ ਭਾਰਦਵਾਜ ਦੀ ਅਗਵਾਈ ਹੇਠਲੀ ਗੋਤਾਖੋਰ ਟੀਮ ਵੱਲੋਂ ਕੱਲ੍ਹ ਤੋਂ ਹੀ ਉਸ ਦੀ ਤਲਾਸ਼ ’ਚ ਜੁਟੀ ਹੋਈ ਹੈ। ਉਧਰ ਸੰਪਰਕ ਕਰਨ ’ਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਦਾ ਕਹਿਣਾ ਸੀ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਰੱਖੀ ਜਗਮੀਤ ਸਿੰਘ ਦੀ ਲਾਸ਼ ਅੱਜ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਲਾਪਤਾ ਲੜਕੀ ਦੀ ਲਾਸ਼ ਭਾਖੜਾ ਨਹਿਰ ਚੋਂ ਬਰਾਮਦ
ਸਮਾਣਾ (ਪੱਤਰ ਪੇ੍ਰਕ): ਪਿੰਡ ਬੀਬੀਪੁਰ ਤੋਂ 9 ਅਗਸਤ ਤੋਂ ਲਾਪਤਾ ਲੜਕੀ ਦੀ ਲਾਸ਼ ਬੁੱਧਵਾਰ ਨੂੰ ਖਨੌਰੀ ਨੇੜੇ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ। ਲਾਸ਼ ਨੂੰ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ ਜਿਥੇ ਲਾਸ਼ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਪ੍ਰੀਤ ਕੌਰ (19) ਸਾਲ ਦੇ ਰਿਸ਼ਤੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਨੂੰ ਕਰੀਬ 27-28 ਜੁਲਾਈ ਨੂੰ ਉਹ ਪਿੰਡ ਹਰੀਗੜ੍ਹ ਤੋਂ ਆਪਣੇ ਨਾਲ ਬੀਬੀਪੁਰ ਲੈ ਕੇ ਆਏ ਸਨ ਪਰ ਲੜਕੀ 9 ਅਗਸਤ ਨੂੰ ਬਿਨਾਂ ਦੱਸੇ ਸਵੇਰ ਸਮੇਂ ਘਰ ਤੋਂ ਚਲੀ ਗਈ ਜਿਸ ਦੀ ਸੂਚਨਾ ਉਨ੍ਹਾਂ ਨੇ ਰਾਮਨਗਰ ਪੁਲੀਸ ਨੂੰ ਦੇ ਕੇ ਮਾਮਲਾ ਦਰਜ ਕਰਵਾਇਆ ਸੀ। ਪੁਲੀਸ ਨੇ ਲਾਸ਼ ਮਿਲਣ ਉਪਰੰਤ ਉਸ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।