ਪੱਤਰ ਪ੍ਰੇਰਕ
ਰਾਜਪੁਰਾ, 20 ਸਤੰਬਰ
ਇੱਥੋਂ ਦੇ ਮਿੰਨੀ ਸਕੱਤਰੇਤ ਵਿੱਚ ਰਾਜਪੁਰਾ ਵਿੱਚ ਬਲਾਕ ਖੇਤੀਬਾੜੀ ਅਫਸਰ ਡਾ. ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਸਮੂਹ ਖਾਦ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਐੱਸ.ਡੀ.ਐੱਮ ਰਾਜਪੁਰਾ ਡਾ. ਸੰਜੀਵ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਬਲਾਕ ਰਾਜਪੁਰਾ ਵਿੱਚ ਖਾਦ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਐੱਸ.ਡੀ.ਐੱਮ ਡਾ. ਸੰਜੀਵ ਕੁਮਾਰ ਨੇ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਖੇਤੀਬਾੜੀ ਵਿਭਾਗ ਦੀ ਸਿਫਾਰਿਸ਼ ਅਨੁਸਾਰ ਹੀ ਕਿਸਾਨਾਂ ਨੂੰ ਖਾਦ ਦੀ ਵਿਕਰੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਐੱਸ.ਡੀ.ਐੱਮ ਵੱਲੋਂ ਇਸ ਖੇਤਰ ਵਿੱਚ ਝੋਨੇ ਦੀ ਫਸਲ ਦੇ ਬੂਟਿਆਂ ਵਿੱਚ ਆ ਰਹੀ ਮਧਰੇਪਣ ਅਤੇ ਬੂਟਿਆਂ ਦਾ ਵਿਕਾਸ ਨਾ ਹੋਣ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਵਿਭਾਗ ਤੇ ਤਹਿਸੀਲਦਾਰ ਨੂੰ ਹੁਕਮ ਦਿੱਤੇ ਗਏ ਹਨ ਕਿ ਇਨ੍ਹਾਂ ਖੇਤਾਂ ਦਾ ਸਰਵੇ ਕਰਕੇ ਤੁਰੰਤ ਰਿਪੋਰਟ ਦਿੱਤੀ ਜਾਵੇ। ਖੇਤੀਬਾੜੀ ਅਫਸਰ ਡਾ. ਸਤੀਸ਼ ਕੁਮਾਰ ਨੇ ਕਿਹਾ ਕਿ ਯੁੂਰੀਆ ਅਤੇ ਡੀ.ਏ.ਪੀ. ਖਰੀਦਦੇ ਸਮੇਂ ਕਿਸਾਨਾਂ ਨੂੰ ਬਹੁਤ ਖੱਜਲ ਹੋਣਾ ਪੈਂਦਾ ਹੈੈ ਤੇ ਖਾਦ ਦੇ ਨਾਲ ਬੇਲੋੜੀ ਖੇਤੀ ਇਨਪੁੱਟਸ ਨੂੰ ਖ੍ਰੀਦਣ ਲਈ ਮਜਬੂਰ ਹੋਣਾ ਪੈਦਾ ਹੈ, ਜੋ ਕਿ ਕਾਨੁੂੰਨ ਮੁਤਾਬਿਕ ਠੀਕ ਨਹੀਂ ਹੈ। ਇਸ ਲਈ ਸਮੂਹ ਖਾਦ ਡੀਲਰ ਰੀਟੇਲ/ਹੋਲਸੇਲਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਆਪਣੇ ਸੇਲ ਸੈਂਟਰ ’ਤੇ ਮੌਜੂਦਾ ਖਾਦ ਦੀ ਸਟਾਕ ਪੁਜ਼ੀਸ਼ਨ ਡਿਸਪਲੇਅ ਬੋਰਡ ’ਤੇ ਲਗਾਈ ਹੋਣੀ ਚਾਹੀਦੀ ਹੈ। ਮੀਟਿੰਗ ਵਿੱਚ ਪਿਛਲੇ ਸਾਲਾਂ ਵਿੱਚ ਜਿਹੜੇ ਨਿੱਜੀ ਕਿਸਾਨ/ਗਰੁਪਾਂ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਮਸ਼ੀਨਰੀ ਦੀ ਸਰਕਾਰੀ ਸਬਸਿਡੀ ਤੇ ਖਰੀਦ ਕੀਤੀ ਸੀ, ਉਨ੍ਹਾਂ ਨੂੰ ਇਸ ਸਾਲ ਝੋਨੇ ਦੀ ਪਰਾਲੀ ਨੂੰ ਦਿੱਤੀ ਮਸ਼ੀਨਰੀ ਰਾਹੀ ਹੀ ਸਾਂਭ-ਸੰਭਾਲ ਕਰਨ ਲਈ ਅਪੀਲ ਕੀਤੀ ਗਈ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਨੀਤੂ ਰਾਣੀ, ਡਾ. ਕਰੁਨਾ, ਸੁਖਚੈਨ ਸਿੰਘ ਜੇ.ਟੀ ਤੇ ਵੱਖ-ਵੱਖ ਪਿੰਡਾਂ ਦੇ ਕਿਸਾਨ ਆਦਿ ਸ਼ਾਮਲ ਸਨ।