ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 11 ਜਨਵਰੀ
ਰਾਜਪੁਰਾ ਟਾਊਨ ’ਚ ਸਥਿੱਤ ਇਕ ਨਿੱਜੀ ਸਕੂਲ ਵੱਲੋਂ ਵਿਦਿਆਰਥੀਆਂ ਤੋਂ ਵਸੂਲ ਕੀਤੇ ਜਾ ਰਹੇ ਮੈਨਟੇਨੈਂਸ ਚਾਰਜਜ਼ ਸਬੰਧੀ ਰੌਲ਼ਾ ਪੈਣ ’ਤੇ ਆਲ ਇੰਡੀਆ ਪੈਰੇਂਟਸ ਐਸੋਸੀਏਸ਼ਨ ਰਾਜਪੁਰਾ ਦੇ ਦਖ਼ਲ ਤੋਂ ਬਾਅਦ ਸਕੂਲ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਤੋਂ ਕੇਵਲ ਟਿਊਸ਼ਨ ਫ਼ੀਸ ਲੈਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ, ਸੁਰਿੰਦਰ ਸਿੰਘ ਬੰਟੀ ਖ਼ਾਨਪੁਰ, ਬਲਜਿੰਦਰ ਸਿੰਘ ਅਬਦਲ ਪੁਰ, ਗੁਰਪ੍ਰੀਤ ਸਿੰਘ ਸੰਧੂ, ਮਹਿੰਦਰ ਸਿੰਘ ਹਾਸ਼ਮਪੁਰ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡੀ.ਏ.ਵੀ ਪਬਲਿਕ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਅਸ਼ਿਵੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਭੂਸ਼ਨ ਕੁਮਾਰ, ਨਰੇਸ਼ ਸ਼ਰਮਾ, ਦਵਿੰਦਰ ਕੁਮਾਰ ਨੇ ਇਸ ਨੂੰ ਜਥੇਬੰਦੀ ਦੀ ਜਿੱਤ ਕਰਾਰ ਦਿੱਤਾ ਹੈ। ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਸਕੂਲ ਮੈਨੇਜਮੈਂਟ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਮਾਪਿਆਂ ਦੇ ਅਪਰੈਲ ਤੋਂ ਲੈ ਕੇ ਹੁਣ ਤੱਕ ਵਾਧੂ ਚਾਰਜ ਜਮ੍ਹਾਂ ਕਰਵਾਏ ਹਨ ਉਹ ਟਿਊਸ਼ਨ ਫ਼ੀਸ ਵਿੱਚ ਐਡਜਸਟ ਕੀਤੇ ਜਾਣ। ਅਖੀਰ ਪ੍ਰਿੰਸੀਪਲ ਨੇ ਭਰੋਸਾ ਦੇਣ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਪ੍ਰਿੰਸੀਪਲ ਦਾ ਸਿਰਫ਼ ਟਿਊਸ਼ਨ ਫ਼ੀਸ ਜਮ੍ਹਾਂ ਕਰਵਾਉਣ ’ਤੇ ਧੰਨਵਾਦ ਕੀਤਾ। ਇਸ ਸਬੰਧੀ ਡੀ.ਏ.ਵੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਲਪਨਾ ਪਾਠਕ ਨੇ ਜਥੇਬੰਦੀ ਦੀ ਮੰਗ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਪਹਿਲਾਂ ਹੀ ਕਿਸੇ ਵੀ ਵਿਦਿਆਰਥੀ ਤੋਂ ਡਿਵੈਲਪਮੈਂਟ ਫੰਡ ਨਹੀਂ ਲੈ ਰਿਹਾ ਹੈ।