ਖੇਤਰੀ ਪ੍ਰਤੀਨਿਧ
ਪਟਿਆਲਾ, 3 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੇਲੀਵੇਜ ਸਫਾਈ ਕਰਮਚਾਰੀਆਂ ਦਾ ਸੰਘਰਸ਼ ਸੋਮਵਾਰ ਨੂੰ 6ਵੇਂ ਦਿਨ ਦਾਖਲ ਹੋ ਗਿਆ। ਰੈਗੂਲਰ ਸੇਵਾਵਾਂ ਅਤੇ ਬਕਾਇਆ ਏਰੀਅਰ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਢਿੱਲਾ ਰੁਖ ਦੇਖਦੇ ਹੋਏ ਡੇਲੀਵੇਜ ਸਫਾਈ ਕਰਮਚਾਰੀਆਂ ਨੇ ਪ੍ਰਧਾਨ ਰਾਜੇਸ਼ ਕੁਮਾਰ ਗੱਗੂ ਦੀ ਅਗਵਾਈ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਅੱਜ ਪਹਿਲੇ ਦਿਨ ਰੱਖੀ ਭੁੱਖ ਹੜਤਾਲ ਤੇ ਹਰਜਿੰਦਰ ਕੁਮਾਰ ਲਾਲੀ ਅਤੇ ਗੁਰਤੇਜ ਸਿੰਘ ਬੈਠੇ। ਇਸ ਮੌਕੇ ਰਾਜੇਸ਼ ਕੁਮਾਰ ਗੱਗੂ ਨੇ ਕਿਹਾ ਕਿ ਲੰਬੇ ਅਰਸੇ ਤੋਂ ਸਫਾਈ ਕਰਮਚਾਰੀ ਬਹੁਤ ਹੀ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਕਰਮਚਾਰੀਆਂ ਦਾ ਬਕਾਇਆ ਵੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਨਹੀਂ ਦਿੱਤਾ ਗਿਆ।
ਸੋਮਵਾਰ ਦੇ ਰੋਸ ਧਰਨੇ ਵਿੱਚ ਵਾਲਮੀਕਿ ਤੀਰਥ ਅੰਮ੍ਰਿਤਸਰ ਧੂਣਾ ਸਾਹਿਬ ਟਰੱਸਟ ਦੇ ਆਗੂ ਮੁਕੇਸ਼ ਰਾਹੀ, ਮੋਨੂੰ ਰੱਖੜਾ ਨੇ ਸਮਰਥਨ ਦਿੱਤਾ। ਧਰਨੇ ਨੂੰ ਵਿਦਿਆਰਥੀ ਜਥੇਬੰਦੀ ਡੀ.ਐਸ.ਓ ਵਲੋਂ ਵੀ ਸਮਰਥਨ ਦਿੱਤਾ ਗਿਆ। ਪ੍ਰਧਾਨ ਬਲਕਾਰ ਸਿੰਘ, ਪਾਰਸ ਸਕੱਤਰ, ਮੱਖਣ ਸਿੰਘ, ਅਨਮੋਲ ਸਿੰਘ ਨੇ ਸੰਬੋਧਨ ਕੀਤਾ। ਯੂਨੀਵਰਸਿਟੀ ਦੇ ਬਾਹਰਲੇ ਸੈਂਟਰਾਂ ਦੇ ਕਰਮਚਾਰੀ ਵੀ ਧਰਨੇ ਵਿੱਚ ਸ਼ਾਮਲ ਹੋਏ। ਇਸ ਮੌਕੇ ਹਾਜ਼ਰ ਨੁਮਾਇੰਦਿਆਂ ਵਿੱਚ ਰਾਜ ਕੁਮਾਰ ਮੋਨੂੰ, ਪਰਮਜੀਤ ਪੰਮੀ, ਸੰਦੀਪ ਸਨੌਰ, ਗੁਰਧਿਆਨ ਸਿੰਘ, ਗੁਰਜਿੰਦਰ ਸਿੰਘ, ਸੁਖਚੈਨ ਸਿੰਘ, ਤਰਲੋਚਨ ਸਿੰਘ, ਮੱਖਣ ਸਿੰਘ, ਮਨਜੀਤ ਸਿੰਘ, ਮਨੀਸ਼ ਕੁਮਾਰ ਆਦਿ ਹਾਜ਼ਰ ਸਨ।
ਤਨਖਾਹ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ
ਸਮਾਣਾ (ਨਿੱਜੀ ਪੱਤਰ ਪ੍ਰੇਰਕ): ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਸਮਾਣਾ ਵੱਲੋਂ ਯੂਨੀਅਨ ਪ੍ਰਧਾਨ ਹਰਪਾਲ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਵੱਲੋਂ ਇਹ ਪ੍ਰਦਰਸ਼ਨ ਪਿਛਲੇ ਤਿੰਨ ਮਹੀਨੇ ਤੋਂ ਆਪਣੀਆਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਐੱਸਡੀਓ ਦਫ਼ਤਰ ਅੱਗੇ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਿਛਲੇ ਤਿੰਨ ਮਹੀਨੇ ਤੋਂ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲੀਆਂ, ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਖ਼ਰਚ ਚਲਾਉਣਾ ਔਖਾ ਹੋਇਆ ਪਿਆ ਹੈ। ਇਸ ਮੌਕੇ ਉਨ੍ਹਾਂ ਨਾਲ ਮਲਕੀਤ ਸਿੰਘ, ਅਵਤਾਰ ਸਿੰਘ, ਸੁਖਜਿੰਦਰ ਸਿੰਘ, ਕਸ਼ਮੀਰ ਸਿੰਘ, ਹਰਨਰਾਇਣ ਸਿੰਘ ਸਣੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।