ਪੱਤਰ ਪ੍ਰੇਰਕ
ਰਾਜਪੁਰਾ, 29 ਅਪਰੈਲ
ਇੱਥੋਂ ਨੇੜਲੇ ਕਰੀਬ ਇੱਕ ਦਰਜਨ ਪਿੰਡਾਂ ਵਿੱਚ ਜੰਗਲੀ ਜਾਨਵਰ ਚੀਤਾ ਆਉਣ ਦੀ ਫੈਲੀ ਅਫਵਾਹ ਨੇ ਬੀਤੇ ਰਾਤ ਪਿੰਡਾਂ ਦੇ ਲੋਕਾਂ ਦੀ ਨੀਂਦ ਉਡਾ ਕੇ ਰੱਖੀ। ਇਸ ਖੇਤਰ ਦੇ ਪਿੰਡ ਖੇੜੀ ਗੰਡਿਆਂ, ਮਹਿਮਾ, ਲੋਹਾਖੇੜੀ, ਮੰਡੌਲੀ, ਖੈਰਪੁਰ ਜੱਟਾਂ, ਮਹਿਮੂਦਪੁਰ ਅਤੇ ਕੁੱਥਾਖੇੜੀ ਸਮੇਤ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਕੁਝ ਵਿਅਕਤੀਆਂ ਨੇ ਧਾਰਮਿਕ ਅਸਥਾਨਾਂ ਦੇ ਸਪੀਕਰਾਂ ਤੋਂ ਅਨਾਊਂਸਮੈਂਟ ਕਰਵਾ ਦਿੱਤੀ ਕਿ ਇਸ ਖੇਤਰ ਵਿੱਚ ਚੀਤਾ ਆ ਗਿਆ ਹੈ। ਇਸ ਕਰਕੇ ਉਹ ਆਪਣਾ ਬਚਾਅ ਰੱਖਣ। ਆਪ ਮੁਹਾਰੇ ਕਰਵਾਈ ਗਈ ਅਨਾਊਂਸਮੈਂਟ ਕਾਰਨ ਕਾਰਨ ਇਸ ਖੇਤਰ ਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਬਹੁਤੇ ਲੋਕ ਰਾਤ ਭਰ ਸੌਂ ਨਹੀਂ ਸਕੇ ਜਦੋਂ ਕਿ ਸਵੇਰੇ ਪਤਾ ਚੱਲਿਆ ਕਿ ਅਜਿਹੀ ਕੋਈ ਗੱਲ ਨਹੀਂ ਸੀ। ਇਹ ਕੇਵਲ ਕੁਝ ਲੋਕਾਂ ਵੱਲੋਂ ਫੈਲਾਈ ਗਈ ਅਫਵਾਹ ਸੀ। ਥਾਣਾ ਖੇੜੀ ਗੰਡਿਆਂ ਦੇ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਅਫਵਾਹ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।