ਪੱਤਰ ਪ੍ਰੇਰਕ
ਦੇਵੀਗੜ੍ਹ, 6 ਮਾਰਚ
ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਸਹੂਲਤਾਂ ਪਿੰਡ ਪੱਧਰ ’ਤੇ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਸੁਵਿਧਾ ਕੇਂਦਰ ਅਤੇ ਪਟਵਾਰਖਾਨਿਆਂ ਦੀ ਸਥਾਪਨਾ ਕੀਤੀ ਗਈ ਸੀ। ਬੇਸ਼ੱਕ ਪਿਛਲੇ ਸਮੇਂ ਤੋਂ ਸੁਵਿਧਾ ਕੇਂਦਰ ਤਾਂ ਪਿੰਡਾਂ ਵਿੱਚ ਚੱਲ ਰਹੇ ਹਨ ਪ੍ਰੰਤੂ ਮਾਲ ਵਿਭਾਗ ਵੱਲੋਂ ਦੋ ਤਿੰਨ ਵੱਡੇ ਪਿੰਡਾਂ ’ਚ ਜੋ ਪਟਵਾਰਖਾਨੇ ਬਣਾਏ ਗਏ ਹਨ, ਦੀ ਹਾਲਤ ਬਹੁਤ ਮਾੜੀ ਹੈ। ਇਸ ਤਰ੍ਹਾਂ ਪਿੰਡ ਮਸੀਂਗਣ ਦੇ ਫੋਕਲ ਪੁਆਇੰਟ ’ਚ ਅਨਾਜ ਮੰਡੀ ਦੇ ਨਾਲ ਨਾਲ ਪਟਵਾਰਖਾਨੇ ਦੀ ਸਥਾਪਨਾ ਤਾਂ ਕੀਤੀ ਗਈ ਸੀ ਜਿੱਥੇ ਪਟਵਾਰਖਾਨੇ ਦੀ ਇਮਾਰਤ ’ਤੇ ਸਰਕਾਰ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਪ੍ਰੰਤੂ ਕਿਸਾਨਾਂ ਨੂੰ ਸਹੂਲਤ ਦੇਣ ਲਈ ਇਥੇ ਪਟਵਾਰੀਆਂ ਨੂੰ ਤਾਇਨਾਤ ਨਹੀਂ ਕੀਤਾ ਗਿਆ। ਇਸ ਕਾਰਨ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਇਹ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਗਈ ਹੈ। ਹਲਕੇ ਦੇ ਪਟਵਾਰੀਆਂ ਵੱਲੋਂ ਤਹਿਸੀਲ ਦੁਧਨਸਾਧਾਂ ਵਿਖੇ ਆਪਣੇ ਦਫਤਰ ਚਲਾਏ ਜਾ ਰਹੇ ਹਨ। ਇਲਾਕੇ ਦੇ ਕਿਸਾਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਜੇਕਰ ਇਸ ਪਟਵਾਰਖਾਨੇ ਨੂੰ ਚਲਾਇਆ ਨਹੀਂ ਜਾਣਾ ਸੀ ਤਾਂ ਫਿਰ ਲੱਖਾਂ ਰੁਪਏ ਇਸ ਦੀ ਇਮਾਰਤ ਤੇ ਕਿਉਂ ਖਰਚੇ ਗਏ।