ਖੇਤਰੀ ਪ੍ਰਤੀਨਿਧ
ਪਟਿਆਲਾ, 2 ਅਗਸਤ
ਨੈਸ਼ਨਲ ਕਲੀਨ ਏਅਰ ਪ੍ਰਾਜੈਕਟ ਅਧੀਨ ਨਗਰ ਨਿਗਮ ਵੱਲੋਂ ਸ਼ਹਿਰ ਦੀ ਹਵਾ ਵਿਚਲੇ ਜ਼ਹਿਰੀਲੇ ਕਣਾਂ ਨੂੰ ਰਿਕਾਰਡ ਪੱਧਰ ਤੱਕ ਘਟਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਿਗਮ ਨੂੰ 3.19 ਕਰੋੜ ਰੁਪਏ ਦੀ ਰਾਸ਼ੀ ਦੇਣ ਦੀ ਹਾਮੀ ਭਰਦਿਆਂ 2.59 ਕਰੋੜ ਜਾਰੀ ਵੀ ਕਰ ਦਿੱਤੇ ਹਨ। ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਇਸ ਰਕਮ ਵਿੱਚੋਂ ਸਫ਼ਾਈ ਮਸ਼ੀਨ ਖਰੀਦਣ ਦੀ ਬਜਾਇ ਠੇਕੇ ’ਤੇ ਸਫ਼ਾਈ ਮਸ਼ੀਨ ਚਲਾਉਣ ਦਾ ਫ਼ੈਸਲਾ ਲੈਂਦਿਆਂ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਨਿਰਧਾਰਤ ਰੇਟ ਅਨੁਸਾਰ ਨਿਗਮ ਨੂੰ ਇੱਕ ਕਿਲੋਮੀਟਰ ਲੰਬੀ ਸੜਕ ਦੀ ਸਫ਼ਾਈ ਲਈ 456 ਰੁਪਏ ਖਰਚ ਕਰਨੇ ਪੈਣਗੇ, ਜੋ ਉਪਰੋਕਤ ਜਾਰੀ ਕੀਤੀ ਰਾਸ਼ੀ ਵਿੱਚੋਂ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟੈਂਡਰ ਤੋਂ ਬਾਅਦ ਜਿਸ ਵੀ ਕੰਪਨੀ ਨੂੰ ਕੰਮ ਅਲਾਟ ਕੀਤਾ ਜਾਵੇਗਾ, ਉਹ ਐਤਵਾਰ ਛੱਡ ਕੇ ਮਹੀਨੇ ਦੇ 26 ਦਿਨ ਸੜਕਾਂ ਦੀ ਸਫ਼ਾਈ ਕਰੇਗੀ। ਮਸ਼ੀਨ ਰਾਹੀਂ ਸਾਫ਼ ਕੀਤੀਆਂ ਜਾਣ ਵਾਲੀਆਂ 224 ਕਿਲੋਮੀਟਰ ਸੜਕਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕੰਪਨੀ ਦੀ ਇੱਕ ਮਸ਼ੀਨ ਇੱਕ ਦਿਨ ਵਿੱਚ 112 ਕਿਲੋਮੀਟਰ ਦੀ ਸਫ਼ਾਈ ਕਰੇਗੀ। ਜੈੱਟ ਮਸ਼ੀਨ ਰਾਹੀਂ ਸੜਕ ਦੇ ਨਾਲ ਲੱਗੇ ਫੁੱਟਪਾਥ ਨੂੰ ਪਾਣੀ ਨਾਲ ਧੋਣ ਦੀ ਜ਼ਿੰਮੇਵਾਰੀ ਵੀ 456 ਰੁਪਏ ਤੋਂ 61 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਸਫ਼ਾਈ ਦਾ ਠੇਕਾ ਲੈਣ ਵਾਲੀ ਕੰਪਨੀ ਵੱਲੋਂ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਤੈਅ ਕੀਤੇ ਠੇਕੇ ਅਨੁਸਾਰ ਨਗਰ ਨਿਗਮ ਦੀਆਂ 224 ਕਿਲੋਮੀਟਰ ਲੰਬੀਆਂ ਸੜਕਾਂ ਦੀ ਸਫ਼ਾਈ ’ਤੇ ਰੋਜ਼ਾਨਾ 1 ਲੱਖ 2 ਹਜ਼ਾਰ 280 ਰੁਪਏ ਦਾ ਖਰਚਾ ਆਵੇਗਾ। ਸਫ਼ਾਈ ਮਸ਼ੀਨਾਂ ਲਈ ਜਾਰੀ ਕੀਤੇ ਗਏ ਟੈਂਡਰ ਦੀ ਸਫ਼ਲਤਾ ਤੋਂ ਬਾਅਦ ਸ਼ਹਿਰ ਦੀ ਸਾਫ਼-ਸਫ਼ਾਈ ਦੇ ਨਾਲ-ਨਾਲ ਹਵਾ ਪ੍ਰਦੂਸ਼ਣ ਵਿੱਚ ਵੀ ਰਿਕਾਰਡ ਕਮੀ ਆਵੇਗੀ।
ਛੋਟੀ ਬਾਰਾਂਦਰੀ ਵਿੱਚ ਸਫ਼ਾਈ ਮੁਹਿੰਮ
ਉੱਜਵਲ ਸਮਾਲ ਫਾਈਨਾਂਸ ਬੈਂਕ ਦੇ ਸਹਿਯੋਗ ਨਾਲ ਨਗਰ ਨਿਗਮ ਨੇ ਅੱਜ ਸਵੇਰੇ 6.30 ਵਜੇ ਛੋਟੀ ਬਾਰਾਂਦਰੀ ਵਿੱਚ ਸਫ਼ਾਈ ਮੁਹਿੰਮ ਚਲਾਈ, ਜਿਸ ਦੌਰਾਨ ਸਫ਼ਾਈ ਕਰਮਚਾਰੀਆਂ ਤੋਂ ਇਲਾਵਾ ਬੈਂਕ ਸਟਾਫ਼ ਨੇ ਵੀ ਹਿੱਸਾ ਲਿਆ। ਚੀਫ਼ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ ਮੁਹਿੰਮ’ ਤਹਿਤ ਸ਼ਹਿਰ ਦੇ ਵਸਨੀਕਾਂ ਲਈ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਸੰਭਾਲਣ ਲਈ ਹਰੇਕ ਘਰੇਲੂ ਜਾਂ ਵਪਾਰਕ ਯੂਨਿਟ ਵਿੱਚ ਦੋ ਡਸਟਬਿਨ ਲਾਜ਼ਮੀ ਕੀਤੇ ਗਏ ਹਨ। ਨਿਗਮ ਕਮਿਸ਼ਨਰ ਖੁਦ ਰੋਜ਼ਾਨਾ ਸ਼ਹਿਰ ਦੇ ਐਮ.ਆਰ.ਐਫ (ਮਟੀਰੀਅਲ ਰਿਕਵਰੀ ਫੈਸਿਲਿਟੀ ਸੈਂਟਰ) ਕੇਂਦਰਾਂ ਦਾ ਦੌਰਾ ਕਰ ਰਹੇ ਹਨ। ਹੁਣ ਤੱਕ ਨਗਰ ਨਿਗਮ ਕਮਿਸ਼ਨਰ ਵੱਲੋਂ ਸ਼ਹਿਰ ਦੇ ਛੇ ਵਾਰਡਾਂ ਨੂੰ ਮਾਡਲ ਵਾਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਛੇ ਵਾਰਡਾਂ ਦੇ ਹਰੇਕ ਯੂਨਿਟ ਨੂੰ ਗਿੱਲੇ ਅਤੇ ਸੁੱਕੇ ਕੂੜੇ ਦੇ ਨਿਪਟਾਰੇ ਸਬੰਧੀ ਜਾਗਰੂਕ ਕਰਨ ਤੋਂ ਬਾਅਦ ਸ਼ਹਿਰ ਦੇ ਹੋਰ ਵਾਰਡਾਂ ਨੂੰ ਮਾਡਲ ਵਾਰਡਾਂ ਦੀ ਕੜੀ ਵਿੱਚ ਜੋੜਿਆ ਜਾ ਸਕੇ। ਇਸ ਮੌਕੇ ਕੋਆਰਡੀਨੇਟਰ ਮਨਪ੍ਰੀਤ ਕੌਰ ਬਾਜਵਾ ਅਤੇ ਟੀਮ ਵੀ ਹਾਜ਼ਰ ਸੀ।