ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਜੁਲਾਈ
ਪਟਿਆਲਾ ਜ਼ਿਲ੍ਹੇ ’ਚ ਲੰਘੀ ਰਾਤ ਅਤੇ ਅੱਜ ਦਿਨ ਵੇਲੇ ਪਈ ਭਰਵੀਂ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸੇ ਦੌਰਾਨ ਪਾਵਰਕੌਮ ਨੂੰ ਮੁੜ ਸੁਖ ਦਾ ਸਾਹ ਆਇਆ ਹੈ। ਇਹ ਬਾਰਸ਼ ਫਸਲਾਂ ਲਈ ਵੀ ਲਾਹੇਵੰਦ ਹੈ। ਮੀਂਹ ਕਾਰਨ ਸ਼ਾਹੀ ਸ਼ਹਿਰ ਅੱਜ ਮੁੜ ਜਲਥਲ ਹੋ ਗਿਆ ਤੇ ਨੀਵੀਂਆਂ ਥਾਵਾਂ ਅਤੇ ਸੜਕਾਂ ’ਤੇ ਪਾਣੀ ਭਰ ਗਿਆ। ਸ਼ਹਿਰ ਸਮੇਤ ਦਿਹਾਤੀ ਖੇਤਰ ’ਚ ਵੀ ਕਈ ਘਰਾਂ ’ਚ ਪਾਣੀ ਵੜ ਗਿਆ। ਇਸ ਮੀਂਹ ਨੇ ਜ਼ਿਲ੍ਹੇ ’ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਵੀ ਲੈ ਲਈ ਹੈ। ਪੀੜਤ ਪਰਿਵਾਰ ਦੇ ਘਰ ਦੀ ਛੱਤ ਹੀ ਡਿੱਗ ਗਈ। ਇਹ ਘਟਨਾ ਪਾਤੜਾਂ ਸ਼ਹਿਰ ’ਚ ਵਾਪਰੀ। ਇਸੇ ਦੌਰਾਨ ਕੁਝ ਹੋਰ ਥਾਂਵਾਂ ’ਤੇ ਮਕਾਨਾਂ ’ਚ ਤਰੇੜਾਂ ਆਉਣ ਅਤੇ ਦਰੱਖ਼ਤ ਤੇ ਖੰਬੇ ਡਿੱਗਣ ਦੀਆਂ ਖਬਰਾਂ ਵੀ ਹਨ।
ਇਕੱਤਰ ਵੇਰਵਿਆਂ ਅਨੁਸਾਰ ਪਟਿਆਲਾ ਜ਼ਿਲ੍ਹੇ ’ਚ 24 ਘੰਟਿਆਂ ’ਚ ਕਰੀਬ 36 ਐੱਮਐੱਮ ਮੀਂਹ ਪਿਆ ਜਿਸ ਨਾਲ ਤਾਪਮਾਨ 3.6 ਡਿਗਰੀ ਡਿੱਗ ਗਿਆ। ਮੀਂਹ ਤੋਂ ਪਹਿਲਾਂ ਦਿਨ ਦਾ ਤਾਪਮਾਨ ਪਹਿਲਾਂ 33.6 ਡਿਗਰੀ ਸੈਲੀਅਸ ਸੀ ਜੋ ਘਟ ਕੇ 30 ਡਿਗਰੀ ਰਹਿ ਗਿਆ। ਰਾਤ ਦਾ ਤਾਪਮਾਨ ਪਹਿਲਾਂ 26.9 ਡਿਗਰੀ ਸੀ ਪਰ ਮੀਂਹ ਪੈਣ ਨਾਲਤਾਪਮਾਨ 2.5 ਡਿਗਰੀ ਡਿੱਗਣ ਕਾਰਨ 24.4 ਡਿਗਰੀ ਸੈਲੀਅਸ ’ਤੇ ਆ ਗਿਆ। ਜੇਕਰ 15 ਤੋਂ 21 ਜੁਲਾਈ ਤੱਕ ਇਕ ਹਫਤੇ ਦੇ ਅੰਕੜੇ ਵੇਖੀਏ ਤਾਂ ਪਟਿਆਲਾ ’ਚ 115.5 ਐੱਮਐੱਮ ਬਾਰਸ਼ ਹੋਈ।
ਮੀਂਹ ਨੇ ਜਿਥੇ ਮਨੁੱਖਾਂ ਸਮੇਤ ਪਸ਼ੂ-ਪੰਛੀਆਂ ਨੂੰ ਵੀ ਗਰਮੀ ਤੋਂ ਰਾਹਤ ਦਿਵਾਈ ਹੈ ਉਥੇ ਹੀ ਖੇਤੀਬਾੜੀ ਲਈ ਵੀ ਮੀਂਹ ਲਾਹੇਵੰਦ ਹੈ। ਝੋਨੇ ਦਾ ਸੀਜ਼ਨ ਹੋਣ ਕਰਕੇ ਪਾਣੀ ਦੀ ਵਧੇਰੇ ਲੋੜ ਰਹਿੰਦੀ ਹੈ ਜਿਸ ਦੇ ਚੱਲਦਿਆਂ ਹੀ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਇਸ ਦੌਰਾਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਦਰਪੇਸ਼ ਆਈਆਂ ਕਿਉਂਕਿ ਕਈ ਖੇਤਾਂ ’ਚ ਜ਼ਿਆਦਾ ਪਾਣੀ ਭਰਨ ਕਰਕੇ ਕਿਸਾਨ ਕਸੀ ਲੈ ਕੇ ਖੇਤਾਂ ’ਚ ਘੁੰਮਦੇ ਰਹੇ।
ਸ਼ਾਹੀ ਸ਼ਹਿਰ ’ਚ ਅਨੇਕਾਂ ਥਾਵਾਂ ’ਤੇ ਪਾਣੀ ਭਰਿਆ ਰਿਹਾ। ਇਥੋਂ ਦੇ ਮੁੱਖ ਬੱਸ ਅੱਡਾ ਵੀ ਜਲਥਲ ਹੋ ਗਿਆ। ਬੱਸ ਅੱਡੇ ਦੇ ਸਾਈਡ ਵਾਲੇ ਗੇਟ, ਜਿਥੋਂ ਬੱਸਾਂ ਬਾਹਰ ਜਾਂਦੀਆਂ ਹਨ, ਦੇ ਮੂਹਰੇ ਤਾਂ ਸੜਕ ਨੀਵੀਂ ਹੋਣ ਕਰਕੇ ਲੋਕਾਂ ਨੂੰ ਬੱਸ ਅੱਡੇ ਦੇ ਅੰਦਰ ਦਾਖਲ ਹੋਣਾ ਵੀ ਮੁਸ਼ਕਲ ਹੋ ਗਿਆ। ਇਥੇ ਕਾਫ਼ੀ ਪਾਣੀ ਖੜ੍ਹ ਗਿਆ ਸੀ ਜਿਸ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਰਕੇ ਮੀਂਹ ਹਟਣ ਮਗਰੋਂ ਵੀ ਪਾਣੀ ਖੜ੍ਹਾ ਰਹਿੰਦਾ ਹੈ। ਇਹ ਪਾਣੀ ਵਾਹਨ ਲੰਘਣ ਮੌਕੇ ਵੱਜਦੀਆਂ ਛੱਲਾਂ ਨਾਲ ਬਿਖਰ ਜਾਂਦਾ ਹੈ। ਪੀਆਰਟੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਸਬੰਧੀ ਕਈ ਵਾਰ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਇਸ ਦਾ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ।
ਦਿੜਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਬੀਤੀ ਰਾਤ ਪਏ ਮੀਂਹ ਕਾਰਨ ਇਥੋਂ ਦੀ ਅਨਾਜ ਮੰਡੀ, ਸਰਕਾਰੀ ਸੀਨੀਅਰ ਸੈਕੰਡਰੀ ਤੇ ਪ੍ਰਾਇਮਰੀ ਸਕੂਲ ਅਤੇ ਵੱਖ ਵੱਖ ਵਾਰਡਾਂ ਤੇ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ। ਬਾਰਸ਼ ਨਾਲ ਭਾਵੇਂ ਗਰਮੀ ਤੋਂ ਰਾਹਤ ਮਿਲੀ ਹੈ ਤੇ ਕਿਸਾਨਾਂ ਦੇ ਚੇਹਰਿਆਂ ’ਤੇ ਰੌਣਕ ਆ ਗਈ ਹੈ ਪਰ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਕਿਉਂਕਿ ਦਿੜ੍ਹਬਾ ਦੇ ਸਕੂਲ ਵਿੱਚ ਕਈ ਕਈ ਫੁੱਟ ਪਾਣੀ ਭਰਨ ਕਾਰਨ ਤੇ ਬਾਜ਼ਾਰ ਅਤੇ ਗਲੀਆਂ ਵਿੱਚ ਗੋਡੇ ਗੋਡੇ ਪਾਣੀ ਖੜ੍ਹਨ ਕਾਰਨ ਅਧਿਆਪਕਾਂ ਨੂੰ ਪਾਣੀ ਵਿੱਚੋਂ ਲੰਘ ਕੇ ਸਕੂਲ ਵਿੱਚ ਹਾਜ਼ਰ ਹੋਣਾ ਪਿਆ। ਇਸੇ ਦੌਰਾਨ ਸਕੂਲੀ ਬੱਚੇ ਵੀ ਟਾਵੇਂ-ਟਾਵੇਂ ਨਜ਼ਰ ਆਏ। ਦਿੜ੍ਹਬਾ ਸਕੂਲ ਦੀ ਦੀਵਾਰ ਵੀ ਇਸ ਮੀਂਹ ਦੀ ਭੇਟ ਚੜ੍ਹ ਗਈ। ਇਲਾਕੇ ਦੇ ਪਿੰਡਾਂ ਦੇ ਖੇਤਾਂ ਵਿੱਚ ਵੀ ਵੱਡੀ ਪੱਧਰ ’ਤੇ ਪਾਣੀ ਭਰ ਗਿਆ। ਕਈ ਥਾਵਾਂ ’ਤੇ ਫਸਲਾਂ ਅਤੇ ਹਰੇ ਚਾਰੇ ਦਾ ਵੀ ਨੁਕਸਾਨ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।
ਨਗਰ ਕੌਂਸਲ ਦਫਤਰ ’ਚ ਪਾਣੀ ਭਰਿਆ; ਫਾਈਲਾਂ ਨੁਕਸਾਨੀਆਂ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਨਗਰ ਕੌਂਸਲ ਪਾਤੜਾਂ ਦੇ ਦਫ਼ਤਰ ਤੇ ਐੱਫਸੀਆਈ ਦੇ ਗੁਦਾਮਾਂ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਨਗਰ ਕੌਂਸਲ ਦਫ਼ਤਰ ਦੀਆਂ ਕਈ ਬਰਾਂਚਾਂ ਦਾ ਰਿਕਾਰਡ ਬਰਬਾਦ ਹੋ ਗਿਆ। ਸਵੇਰ ਹੁੰਦਿਆਂ ਸਾਰ ਭਰੇ ਪਾਣੀ ਨੂੰ ਲੈ ਕੇ ਉੱਚ ਅਧਿਕਾਰੀਆਂ ਵੱਲੋਂ ਫੋਨ ਖੜਕਾਉਣੇ ਸ਼ੁਰੂ ਹੋ ਗਏ। ਨਗਰ ਕੌਂਸਲ ਦੇ ਪ੍ਰਧਾਨ ਨੇ ਦਫ਼ਤਰ ਵਿੱਚ ਪਹੁੰਚ ਕੇ ਰਿਕਾਰਡ ਨੂੰ ਸੁਰੱਖਿਅਤ ਕਰਵਾਉਂਦਿਆਂ ਸਪੱਸ਼ਟ ਕੀਤਾ ਕਿ ਬਰਸਾਤ ਦੇ ਪਾਣੀ ਦੀ ਭੇਟ ਚੜ੍ਹੀਆਂ ਫਾਈਲਾਂ ਤੇ ਰਜਿਸਟਰਾਂ ਕਾਰਨ ਦਫ਼ਤਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਬੀਰ ਸਿੰਘ ਨੇ ਬਰਸਾਤ ਦੇ ਪਾਣੀ ਨਾਲ ਬਰਬਾਦ ਹੋਇਆ ਦਫਤਰ ਦਾ ਰਿਕਾਰਡ ਦਿਖਾਉਂਦਿਆਂ ਕਿਹਾ ਕਿ ਨਗਰ ਕੌਂਸਲ ਦਫ਼ਤਰ ਤੇ ਐੱਫਸੀਆਈ ਦੇ ਗੁਦਾਮ ਆਦਿ ਮਾਰਕੀਟ ਕਮੇਟੀ ਪਾਤੜਾਂ ਦੇ ਏਰੀਏ ਵਿੱਚ ਪੈਂਦੇ ਹਨ। ਮਾਰਕੀਟ ਕਮੇਟੀ ਵੱਲੋਂ ਸੀਵਰੇਜ ਦੀ ਯੋਗ ਸਫ਼ਾਈ ਨਾ ਕਰਵਾਏ ਜਾਣ ਕਾਰਨ ਨਗਰ ਕੌਂਸਲ ਪਾਤੜਾਂ ਦੇ ਦਫ਼ਤਰ ਵਿੱਚ ਬਰਸਾਤ ਦਾ ਪਾਣੀ ਭਰਿਆ ਹੈ। ਉਨ੍ਹਾਂ ਕਿਹਾ ਹੈ ਕਿ ਸੂਚਨਾ ਮਿਲਦਿਆਂ ਹੀ ਉਨ੍ਹਾਂ ਦਫ਼ਤਰ ਪਹੁੰਚ ਕੇ ਕਰਮਚਾਰੀਆਂ ਨੂੰ ਤੁਰੰਤ ਬੁਲਾਇਆ ਤੇ ਰਿਕਾਰਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਨ੍ਹਾਂ ਕੋਲ ਐੱਫਸੀਆਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਗੁਦਾਮਾਂ ਵਿੱਚ ਭਰਿਆ ਬਰਸਾਤ ਦਾ ਪਾਣੀ ਤੁਰੰਤ ਕਢਵਾਇਆ ਜਾਵੇ। ਉਨ੍ਹਾਂ ਕਿਹਾ ਹੈ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਮੁਸ਼ੱਕਤ ਕਰਨ ਮਗਰੋਂ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਇਆ। ਉਨ੍ਹਾਂ ਮਾਰਕੀਟ ਕਮੇਟੀ ’ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਮਾਰਕੀਟ ਕਮੇਟੀ ਵੱਲੋਂ ਕੂੜੇ ਕਰਕਟ ਦੀ ਢੋਆ-ਢੁਆਈ ਲਈ ਨਗਰ ਕੌਂਸਲ ਨੂੰ ਕੋਈ ਸਹਾਇਤਾ ਨਾ ਦਿੱਤੇ ਜਾਣ ਦੇ ਬਾਵਜੂਦ ਵੀ ਕੌਂਸਲ ਦਫ਼ਤਰ ਵੱਲੋਂ ਉਨ੍ਹਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਨਗਰ ਕੌਂਸਲ ਦੀ ਖਸਤਾ ਹੋ ਚੁੱਕੀ ਇਮਾਰਤ ਦੀ ਮੁੜ ਉਸਾਰੀ ਲਈ ਕੇਸ ਤਿਆਰ ਕਰਕੇ ਭੇਜਿਆ ਹੋਇਆ ਹੈ। ਪ੍ਰਵਾਨਗੀ ਮਿਲਣ ਉਪਰੰਤ ਉੱਚਾ ਚੁੱਕ ਕੇ ਨਵਾਂ ਦਫ਼ਤਰ ਉਸਾਰਿਆ ਜਾਵੇਗਾ। ਇਸੇ ਦੌਰਾਨ ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਅਮਨਦੀਪ ਸਿੰਘ ਨੇ ਕਿਹਾ ਹੈ ਕਿ ਮਾਰਕੀਟ ਕਮੇਟੀ ਵੱਲੋਂ ਕਰੀਬ ਪੰਜ ਦਹਾਕੇ ਪਹਿਲਾਂ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਇਆ ਗਿਆ ਸੀ। ਮਾਰਕੀਟ ਕਮੇਟੀ ਦੇ ਏਰੀਏ ਦੇ ਆਸਪਾਸ ਨਗਰ ਕੌਂਸਲ ਪਾਤੜਾਂ ਦੀਆਂ ਬਸਤੀਆਂ ਅਤੇ ਕਲੋਨੀਆਂ ਵਿਚਲੀਆਂ ਇਮਾਰਤਾਂ ਭਰਤ ਪਾ ਕੇ ਉੱਚੀਆਂ ਬਣਾਏ ਜਾਣ ਤੇ ਬਰਸਾਤੀ ਪਾਣੀ ਮਾਰਕੀਟ ਕਮੇਟੀ ਦੇ ਸੀਵਰੇਜ ਵਿੱਚ ਪੈਣ ਕਰਕੇ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਲਾਏ ਦੋਸ਼ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਮਾਰਕੀਟ ਕਮੇਟੀ ਵੱਲੋਂ ਹਰ ਮਹੀਨੇ ਦੋ ਹਜ਼ਾਰ ਰੁਪਏ ਨਗਰ ਕੌਂਸਲ ਨੂੰ ਕੂੜਾ ਕਰਕਟ ਚੁੱਕਣ ਬਦਲੇ ਦਿੱਤਾ ਜਾਂਦਾ ਹੈ।