ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜੂਨ
ਸ਼ਹਿਰ ’ਚ ਵਾਪਰੀ ਹਿੰਸਕ ਘਟਨਾ ਦੇ ਮੱਦੇਨਜ਼ਰ ਐਂਤਕੀ ਪੁਲੀਸ ਵੱਲੋਂ ਘੱਲੂਘਾਰਾ ਦਿਵਸ ਦੇ ਮੌਕੇ ’ਤੇ ਵਧੇਰੇ ਅਤੇ ਅਗਾਊਂ ਚੌਕਸੀ ਵਰਤੀ ਜਾ ਰਹੀ ਹੈ। ਸ਼ਹਿਰ ਵਿਚਲੇ ਧਾਰਮਿਕ ਅਸਥਾਨਾਂ ਤੋਂ ਇਲਾਵਾ ਹੋਰਨਾਂ ਅਨੇਕਾਂ ਥਾਵਾਂ ’ਤੇ ਪੁਲੀਸ ਫੋਰਸ ਤਾਂ ਤਾਇਨਾਤ ਕੀਤੀ ਹੀ ਗਈ ਹੈ, ਨਾਲ਼ ਹੀ ਸ਼ਹਿਰ ਵਿਚਲੀਆਂ ਪ੍ਰਮੁੱਖ ਸੜਕਾਂ ’ਤੇ ਵੀ ਪੁਲੀਸ ਦੇ ਜ਼ਬਰਦਸਤ ਨਾਕੇ ਲਾਏ ਹਨ। ਨਾਕਿਆਂ ਦੇ ਆਸ-ਪਾਸ ਬੰਕਰ ਵੀ ਬਣਾਏ ਗਏ ਹਨ। ਖਾਸ ਕਰਕੇ ਸ਼ਹਿਰ ਵਿਚਲੇ ਪ੍ਰਾਚੀਨ ਕਾਲ਼ੀ ਮਾਤਾ ਮੰਦਰ ਅਤੇ ਗੁਰਦੁਵਾਰਾ ਸ੍ਰੀ ਦੂਖ ਨਿਵਾਰਨ ਸਮੇਤ ਹੋਰ ਧਾਰਮਿਕ ਅਸਥਾਨਾਂ ਦੇ ਆਲੇ ਦੁਆਲੇ ਵਧੇਰੇ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਭਾਵੇਂ ਕਿ ਨਵੇਂ ਆਏ ਐਸਐਸਪੀ ਦੀਪਕ ਪਾਰਿਕ, ਐਸਪੀ ਸਿਟੀ ਵਜੀਰ ਸਿੰਘ ਸਮੇਤ ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ, ਮੋਹਿਤ ਅਗਰਵਾਲ ਸਮੇਤ ਕਈ ਹੋਰ ਪੁਲੀਸ ਅਧਿਕਾਰੀ ਦਿਨ ਰਾਤ ਚੌਕਸੀ ਰੱਖ ਰਹੇ ਹਨ, ਪਰ ਫਿਰ ਵੀ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਵੀ ਪੁਲੀਸ ਦੀਆਂ ਸਮੁੱਚੀਆਂ ਸਰਗਰਮੀਆਂ ’ਤੇ ਨਿਗਾਹ ਟਿਕਾਈ ਹੋਈ ਹੈ। ਪੁਲੀਸ ਵਿਚਲੇ ਆਪਣੇ ਸਾਲਾਂਬੱਧੀ ਤਜ਼ਰਬੇ ਤਹਿਤ ਉਹ ਸਮੇਂ ਸਮੇਂ ’ਤੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਚੌਕਸ ਰੱਖਣ ਲਈ ਅਜੋਕੇ ਹਾਲਾਤਾਂ ਦੇ ਮੁਤਾਬਕ ਸਥਿਤੀ ’ਤੇ ਕਾਬੂ ਪਾਉਣ ਦੀਆਂ ਜੁਗਤਾਂ ਵੀ ਦੱਸਦੇ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ 29 ਅਪਰੈਲ ਨੂੰ ਸ਼ਹਿਰ ’ਚ ਦੋ ਗੁੱਟਾਂ ’ਚ ਹੋਏ ਟਕਰਾਅ ਅਤੇ ਇਸ ਮਗਰੋਂ ਪਟਿਆਲਾ ਦੇ ਆਈਜੀ, ਐਸਐਸਪੀ, ਐਸਪੀ ਅਤੇ ਡੀਐਸਪੀ ਦੇ ਤਬਾਦਲਿਆਂ ਦੇ ਮੱਦੇਨਜ਼ਰ ਬਦਲੇ ਅਧਿਕਾਰੀਆਂ ਦੀ ਥਾਂ ਤਾਇਨਾਤ ਕੀਤੇ ਗਏ ਆਈਜੀ, ਐਸਐਸਪੀ ਤੇ ਐਸਪੀ ਸਿਟੀ ਵੱੱਲੋਂ ਸੁਰੱਖਿਆ ਪ੍ਰਬੰਧਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਉਣਤਾਈ ਨਾ ਰਹਿਣ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੁਲੀਸ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ’ਤੇ ਇਥੇ ਪੁਲੀਸ ਲਾਈਨ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਆਈਜੀ ਦਾ ਕਹਿਣਾ ਸੀ ਕਿ ਜਿਥੇ ਆਈਟੀਬੀਪੀ ਦੀ ਇੱਕ ਕੰਪਨੀ ਤਾਇਨਾਤ ਕੀਤੀ ਜਾ ਚੁੱਕੀ ਹੈ, ਉਥੇ ਹੀ ਇੱੱਕ ਹੋਰ ਕੰਪਨੀ ਜਲਦੀ ਤਾਇਨਾਤ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਮਾਂਡੋ ਫੋਰਸ ਅਤੇ ਘੋੜ ਸਵਾਰ ਪੁਲੀਸ ਸਮੇਤ ਹੋਰ ਦੰਗਾਂ ਰੋਕੂ ਦਸਤਿਆਂ ਦੀ ਤਾਇਨਾਤੀ ਕਰਨ ਵਰਗੇ ਪ੍ਰ੍ਰਬੰਧ ਵੀ ਯੋਜਨਾਬੱਧ ਢੰਗ ਨਾਲ ਕੀਤੇ ਗਏ ਹਨ। ਜ਼ਿਲ੍ਹੇ ਦੇ ਸਮੂਹ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕੀਤੀਆਂ ਗਈਆਂ ਹਨ।