ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 9 ਮਾਰਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਗਰੂਰ ਸਥਿਤ ਖੇਤੀ ਸਲਾਹਕਾਰ ਸੇਵਾ ਕੇਂਦਰ, ਪਸਾਰ ਸਿੱਖਿਆ ਵਿਭਾਗ ਅਤੇ ਕੇ ਵੀ ਕੇ ਖੇੜੀ ਵਲੋਂ ਸਾਂਝੇ ਤੌਰ ’ਤੇ ਪਿੰਡ ਚੱਠਾ ਨਨਹੇੜਾ ਵਿਖੇ ਝੋਨੇ ਦੀ ਪਰਾਲੀ ਦੀ ਸੰਭਾਲ, ਅਗੇਤੀਆਂ ਸਬਜ਼ੀਆਂ ਦੀ ਕਾਸ਼ਤ, ਤੇਲ ਬੀਜ ਅਤੇ ਦਾਲਾਂ ਸਬੰਧੀ ਭਾਰਤ ਸਰਕਾਰ ਦੇ ਕਿਸਾਨ ਪ੍ਰੋਜੈਕਟ ਤਹਿਤ ਖੇਤ ਦਿਵਸ ਅਤੇ ਕਿਸਾਨ ਮੇਲਾ ਲਾਇਆ ਗਿਆ ਜਿਸ ਵਿੱਚ 700 ਤੋਂ ਵਧ ਕਿਸਾਨਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੇ ਪ੍ਰਬੰਧਕ ਡਾ. ਬੂਟਾ ਸਿੰਘ ਰੋਮਾਣਾ ਅਤੇ ਡਾ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ ਸਿਖਲਾਈ ਅਤੇ ਪ੍ਰਦਰਸ਼ਨੀਆਂ ਦੇ ਕੇ ਰਵਾਇਤੀ ਖੇਤੀ ਦਾ ਬਦਲ ਅਤੇ ਸਹਾਇਕ ਕਿੱਤੇ ਅਪਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਕਿਸਾਨਾਂ ਵਲੋਂ ਸਬਜ਼ੀਆਂ ਦੀ ਕਾਸ਼ਤ, ਖੁੰਬਾਂ ਦੀ ਕਾਸ਼ਤ ਅਤੇ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਅਪਣਾਏ ਗਏ ਹਨ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਰਾਜਬੀਰ ਸਿੰਘ ਬਰਾੜ ਨੇ ਕਿਸਾਨਾਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਜੁੜ ਕੇ ਸਿਖਲਾਈਆਂ ਲੈਣੀਆਂ ਚਾਹੀਦੀਆਂ ਹਨ ਅਤੇ ਆਪਣੀ ਰਵਾਇਤੀ ਖੇਤੀ ਨੂੰ ਬਦਲ ਕੇ ਲਾਹੇਵੰਦ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਮਾਹਿਰਾਂ ਦੀਆਂ ਸਿਫਾਰਸ਼ਾਂ ਮੁਤਾਬਿਕ ਖੇਤੀ ਰਸਾਇਣਾਂ ਦੀ ਵਰਤੋਂ ਕਰਕੇ ਬੇਲੋੜੇ ਖਰਚੇ ਘਟਾਉਣ ਅਤੇ ਪਾਣੀ ਦੀ ਸੰਜਮ ਵਰਤੋਂ ਦੀਆਂ ਤਕਨੀਕਾਂ ਵਰਤ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਸੱਦਾ ਦਿੱਤਾ। ਡਾ ਬੂਟਾ ਸਿੰਘ ਰੋਮਾਣਾ, ਮੁਖੀ ਖੇਤੀ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ, ਝੋਨੇ ਦੀ ਪਿਛੇਤੀ ਬਿਜਾਈ ਅਤੇ ਘਟ ਸਮਾਂ ਲੈਣ ਵਾਲੀਆਂ ਪੀ ਆਰ 126 ਜਿਹੀਆਂ ਕਿਸਮਾਂ ਅਪਣਾ ਕੇ ਪਾਣੀ ਦੀ ਬੱਚਤ ਕਰਨ ਲਈ ਚਿੰਤਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਘਰ ਦੀਆਂ ਲੋੜਾਂ ਮੁਤਾਬਿਕ ਸ਼ਬਜੀਆਂ, ਦਾਲਾਂ, ਫਲ, ਗੁੜ-ਸ਼ੱਕਰ ਅਤੇ ਤੇਲ ਆਪਣੇ ਖੇਤਾਂ ਵਿੱਚ ਪੈਦਾ ਕਰਕੇ ਖਰਚੇ ਘਟਾਉਣ ਦੇ ਨਾਲ ਨਾਲ ਨਰੋਆ ਸਮਾਜ ਸਿਰਜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ ਵੱਖ ਖੇਤੀ ਵਿਭਾਗਾਂ ਅਤੇ ਅਗਾਂਹਵਧੂ ਕਿਸਾਨਾਂ ਵਲੋਂ ਵਲੋ ਦਿਲ ਖਿੱਚਵੀਂਆਂ ਨੁਮਾਇਸ਼ਾਂ ਅਤੇ ਆਪਣੇ ਤਿਆਰ ਕੀਤੇ ਪਦਾਰਥਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।