ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜਨਵਰੀ
ਪਟਿਆਲਾ ਜ਼ਿਲ੍ਹੇ ਅੰਦਰ ਕਰੋਨਾ ਦਾ ਪ੍ਰਕੋਪ ਇੱੱਕ ਵਾਰ ਫੇਰ ਵਧਣ ਲੱਗਾ ਹੈ ਕਿਉਂਕਿ ਹੁਣ ਨਿੱਤ ਦਰਜਨਾ ਹੀ ਪਾਜ਼ੇਟਿਵ ਕੇਸ ਮਿਲਣ ਲੱਗੇ ਹਨ। ਜਦੋਂਕਿ ਚਾਰ ਪੰਜ ਮਹੀਨੇ ਤਾਂ ਪਾਜ਼ੇਟਿਵ ਕੇਸਾਂ ਦਾ ਅੰਕੜਾ ਬਹੁਤ ਹੀ ਨੀਵਾਂ ਚਲਿਆ ਗਿਆ ਸੀ। ਕਈ ਵਾਰ ਤਾਂ ਕੋਈ ਵੀ ਕੇਸ ਨਹੀਂ ਸੀ ਮਿਲਦਾ। ਜਦੋਂਕਿ ਬਹੁਤੀ ਵਾਰ ਅਜਿਹੀ ਗਿਣਤੀ ਨਾਮਾਤਰ ਹੀ ਰਹਿੰਦੀ ਸੀ। ਪਰ ਹੁਣ ਤਿੰਨ ਚਾਰ ਦਿਨਾਂ ਤੋਂ ਕਾਫ਼ੀ ਪਾਜ਼ੇਟਿਵ ਕੇਸ ਮਿਲਣ ਲੱਗੇ ਹਨ। ਜਿਸ ਦੌਰਾਨ ਐਤਵਾਰ ਨੂੰ ਇਹ ਅੰਕੜਾ 133 ਰਿਹਾ। ਇਸ ਲਈ ਲੋਕਾਂ ਵੱਲੋਂ ਵਰਤੀ ਜਾ ਰਹੀ ਅਣਗਹਿਲੀ ਨੂੰ ਜ਼ਿੰਮੇਵਾਰ ਦੱਸਦਿਆਂ ਸਿਹਤ ਵਿਭਾਗ ਨੇ ਸੰਕੇਤ ਦਿੱਤੇ ਹਨ ਕਿ ਜੇ ਲੋਕਾਂ ਨੇ ਸੁਧਾਰ ਨਾ ਕੀਤਾ ਤਾਂ ਵਧਦੇ ਕੇਸਾਂ ’ਤੇ ਕਾਬੂ ਪਾਉਣ ਲਈ ਇੱਕ ਵਾਰ ਫੇਰ ਪ੍ਰਸ਼ਾਸਨ ਸਖ਼ਤ ਫੈਸਲੇ ਲੈਣ ਲੲਂ ਮਜਬੂਰ ਹੋ ਸਕਦਾ ਹੈ। ਕਰੋਨਾ ਸਬੰਧੀ ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਅੱਜ, ਐਤਵਾਰ ਨੂੰ ਪਟਿਆਲਾ ਜ਼ਿਲੇ ਵਿੱਚੋਂ ਪ੍ਰਾਪਤ ਹੋਈਆਂ ਟੈਸਟਾਂ ਦੀਆਂ 1136 ਰਿਪੋਰਟਾਂ ਵਿਚੋਂ 133 ਕੇਸ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ 120 ਕੇਸ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਜਦੋਂਕਿ ਨਾਭਾ ਤੇ ਕੌਲੀ 3-3, ਬਲਾਕ ਭਾਦਸੋਂ ਤੇ ਦੂਧਨਸਾਧਾਂ ਇੱਕ ਇੱੱਕ ਅਤੇ ਰਾਜਪੁਰਾ ਤੋਂ ਪੰਜ ਕੇਸ ਮਿਲੇ ਹਨ।
ਸੰਜੀਦਗੀ ਨਾ ਵਰਤੀ ਗਈ, ਤਾਂ ਲੈਣੇ ਪੈ ਸਕਦੇ ਹਨ ਸਖਤ ਫੈਸਲੇ: ਸਿਵਲ ਸਰਜਨ
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਦਾ ਕਹਿਣਾ ਸੀ ਕਿ ਤੇਜੀ ਨਾਲ਼ ਪਾਜੇਟਿਵ ਕੇਸਾਂ ਦੇ ਵਧਣ ਦਾ ਮੁੱਖ ਕਾਰਨ ਲੋਕਾਂ ਵੱਲੋਂ ਕੋਵਿਡ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾ ਹੈ। ਉਨ੍ਹਾਂ ਕਿਹਾ ਕਿ ਜੇ ਅਜੇ ਵੀ ਲੋਕ ਇਸ ਪ੍ਰਤੀ ਸੁਚੇਤ ਨਾ ਹੋਏ, ਤਾਂ ਸਥਿਤੀ ਗੰਭੀਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਸਥਿਤੀ ਬਾਰੇ ਸਿਹਤ ਅਧਿਕਾਰੀਆਂ ਦਾ ਜ਼ਿਲ੍ਹਾ ਪ੍ਰਸਾਸ਼ਣ ਨਾਲ ਤਾਲਮੇਲ ਜਾਰੀ ਹੈ ਤੇ ਜੇ ਲੋਕਾਂ ਵੱਲੋਂ ਅਜੇ ਵੀ ਅਣਗਿਹਲੀ ਵਰਤੀ ਤਾਂ ਪ੍ਰਸ਼ਾਸਨ ਨੂੰ ਸਖਤ ਫੈਸਲੇ ਲੈਣੇ ਪੈ ਸਕਦੇ ਹਨ।
ਥਾਪਰ ਯੂਨੀਵਰਸਿਟੀ ’ਚ ਟੈਸਟ ਪ੍ਰਪਿਕਿਆ ਮੁਕੰਮਲ: ਡਾ. ਸੁਮੀਤ
ਪਟਿਆਲਾ ਸ਼ਹਿਰ ’ਚ ਹੀ ਸਥਿਤ ਥਾਪਰ ਯੂਨੀਵਰਸਿਟੀ ਵਿਚੋਂ ਵੀ ਪਿਛਲੇ ਤਿੰਨ ਦਿਨਾਂ ’ਚ 93 ਪਾਜ਼ੇਟਿਵ ਕੇਸ ਮਿਲੇ ਹਨ। ਜਿਸ ਮਗਰੋਂ ਸਿਹਤ ਵਿਭਾਗ ਨੇ ਯੂਨੀਵਰਸਿਟੀਵਿਚਲੇ ਸਬੰਧਤ ਹੋਸਟਲ ਨੂੰ ਕੰਟੇਨਮੈਂਟ ਜ਼ੋਨ ’ਚ ਤਬਦੀਲ ਕਰਦਿਆਂ ਇਹ ਹੋਸਟਲ ਸੀਲ ਕਰ ਦਿੱਤਾ। ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਕਰੋਨਾ ਸਬੰਧੀ ਜ਼ਿਲ੍ਹਾਨੋਡਲ ਅਫਸਰ ਡਾ.ਸੁਮੀਤ ਸਿੰਘ ਦਾ ਕਹਿਣਾ ਸੀ ਕਿ ਥਾਪਰ ਯੂਨੀਵਰਸਿਟੀ ਵਿਚ ਕਰੋਨਾ ਸਬੰਧੀ ਟੈਸਟਿੰਗ ਦੀ ਪ੍ਰਪ੍ਰਿਆ ਮੁਕੰਮਲ ਹੋ ਚੁੱਕੀ ਹੈ।