ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 4 ਨਵੰਬਰ
ਸ਼੍ਰੋਮਣੀ ਅਕਾਲੀ ਦਲ ‘ਬਾਦਲ’ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਮੁੜ ਦੁਬਾਰਾ ਪਟਿਆਲਾ ਜ਼ਿਲ੍ਹੇ ਦਿਹਾਤੀ ਦਾ ਪ੍ਰਧਾਨ ਐਲਾਨੇ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।
ਦੱਸਣਯੋਗ ਹੈ ਕਿ ਰੱਖੜਾ ਪਾਰਟੀ ਦੀ ਕੋਰ ਕਮੇਟੀ ਦੇ ਵੀ ਮੈਂਬਰ ਹਨ। ਸਮਾਰੋਹ ਦੌਰਾਨ ਰੱਖੜਾ ਨੇ ਕਿਹਾ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪਹਿਲਾਂ ਵਾਂਗ ਹੀ ਸਿਰ-ਤੋੜ ਕੋਸ਼ਿਸ਼ਾਂ ਵਿੱਚ ਰਹਿਣਗੇ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੇ ਜ਼ਿਲ੍ਹੇ ਦੀ ਸਿਆਸੀ ਪਦਵੀ ਹੋਣ ਦੀ ਵਜ਼ਾ ਉਨ੍ਹਾਂ ’ਤੇ ਪਾਰਟੀ ਦੀ ਤਰਫੋਂ ਵੱਡੀ ਜ਼ਿੰਮੇਵਾਰੀ ਪਾਈ ਗਈ ਹੈ ਕਿ ਉਹ ਸਰਕਾਰ ਦੀਆਂ ਨਾਕਾਮੀਆਂ ਨੂੰ ਜਿਥੇ ਨਸ਼ਰ ਕਰੇ ਉਥੇ ਲੋਕਾਂ ਦੀ ਖਾਤਿਰ ਸਤਾ ਧਿਰ ਨਾਲ ਪੈਰ-ਪੈਰ ’ਤੇ ਰਾਜਸੀ ਆਢਾ ਵੀ ਲਗਾਏ, ਜਿਸ ਸਬੰਧੀ ਉਹ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਤੇ ਵਰਕਰਾਂ ਨਾਲ ਪੂਰੇ ਹੌਂਸਲੇ ਨਾਲ ਪਾਰਟੀ ਨੂੰ ਅੱਗੇ ਲਿਜਾਣ ਲਈ ਹਮੇਸ਼ਾ ਤਿਆਰ ਰਹਿਣਗੇ।