ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਫਰਵਰੀ
ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਦੇ ਚੱਲਦਿਆਂ ਸ਼ਨਿੱਚਰਵਾਰ ਨੂੰ ਤੜਕਸਾਰ ਮੀਂਹ ਪੈਣ ਲੱਗਿਆ। ਭਾਵੇਂ ਕੁਝ ਕੁ ਦਿਨਾਂ ਤੋਂ ਮੌਸਮ ’ਚ ਆਈ ਗਰਮਾਹਟ ਕਾਰਨ ਲੋਕ ਗਰਮ ਕੱਪੜਿਆਂ ਤੋਂ ਦੂਰੀ ਬਣਾਉਣ ਲੱੱਗੇ ਸਨ ਪਰ ਸ਼ਨਿੱਚਰਵਾਰ ਨੂੰ ਭਾਵੇਂ ਬਹੁਤਾ ਮੀਂਹ ਵੀ ਨਾ ਪਿਆ ਤੇ ਹਲਕੀ ਹੀ ਬਾਰਸ਼ ਹੋਈ। ਇਸ ਦੇ ਬਾਵਜੂਦ ਅੱਜ ਦੇ ਇੱਕ ਦਿਨ ਦੇ ਹੀ ਇਸ ਮੀਂਹ ਨੇ ਲੋਕਾਂ ਨੂੰ ਇੱਕ ਵਾਰ ਮੁੜ ਕੋਟੀਆਂ ਸਵੈਟਰ ਪਾਉਣ ਲਈ ਮਜਬੂਰ ਕਰ ਦਿੱਤਾ। ਅੱਜ ਜ਼ਿਲ੍ਹੇ ਅੰਦਰ ਇੱਕ ਵਾਰ ਮੌਸਮ ਵੱਲੋਂ ਲਈ ਗਈ ਕਰਵਟ ਕਾਰਨ ਕਾਫੀ ਤਬਦੀਲੀ ਦੇਖਣ ਨੂੰ ਮਿਲੀ।
ਮੌਸਮ ਵਿਭਾਗ ਮੁਤਾਬਿਕ ਅੱਜ ਪਟਿਆਲਾ ਜ਼ਿਲ੍ਹੇ ’ਚ ਇੱਕ ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਿਸ ਦੇ ਚੱਲਦਿਆਂ ਹੀ ਦਿਨ ਦਾ ਤਾਪਮਾਨ 4.9 ਡਿਗਰੀ ਡਿੱਗ ਗਿਆ। ਇਸ ਨਾਲ਼ ਦਿਨ ਦਾ ਤਾਪਮਾਨ ਵੱਧ ਤੋਂ ਵੱਧ 20.2 ਡਿਗਰੀ ਤੱਕ ਪਹੁੰਚ ਗਿਆ ਜਦਕਿ ਰਾਤ ਦੇ ਤਾਪਮਾਨ ’ਚ 3.5 ਡਿਗਰੀ ਦਾ ਵਾਧਾ ਹੋਣ ਨਾਲ਼ ਘੱਟੋ-ਘੱਟ ਤਾਪਮਾਨ 13.2 ਡਿਗਰੀ ’ਤੇ ਪਹੁੰਚ ਗਿਆ।
ਇਸੇੇੇ ਦੌਰਾਨ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਹੋਈ ਹਲਕੀ ਤੋਂ ਦਰਮਿਆਨੀ ਬਾਰਸ਼ ਦੌਰਾਨ ਜਿੱਥੇ ਧੁੱਪ ਵੀ ਨਿਕਲ਼ੀ, ਉੱਥੇ ਹੀ ਬਹੁਤਾ ਸਮਾਂ ਕਾਲ਼ੀਆਂ ਘਟਾਂ ਵੀ ਛਾਈਆਂ ਰਹੀਆਂ। ਇਸ ਦੇ ਨਾਲ਼ ਹੀ ਚੱਲੀਆਂ ਤੇਜ਼ ਅਤੇ ਠੰਢੀਆਂ ਹਵਾਵਾਂ ਨੇ ਵੀ ਮੌਸਮ ’ਚ ਠੰਢਕ ਭਰੀ ਰੱਖੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਇਸੇ ਦੌਰਾਨ ਸ਼ਹਿਰ ਸਮੇਤ ਦਿਹਾਤੀ ਖੇਤਰਾਂ ਵਿੱਚ ਵੀ ਕੁਝ ਨੀਵੀਂਆਂ ਥਾਵਾਂ ’ਤੇ ਪਾਣੀ ਭਰਿਆ ਰਿਹਾ। ਖਾਸ ਕਰਕੇ ਦੋਪਹੀਆ ਵਾਹਨਾਂ ’ਤੇ ਚੱਲਣ ਵਾਲੇ ਰਾਹਗੀਰਾਂ ਨੂੰ ਰਸਤੇ ’ਚ ਜਾਂਦਿਆਂ ਹੋਰ ਵੀ ਡਾਢੀਆਂ ਮੁਸ਼ਕਲਾਂ ਝੱਲਣੀਆਂ ਪਈਆਂ।
ਇਸੇ ਦੌਰਾਨ ਅੱਜ ਦੇ ਇਸ ਮੀਂਹ ਕਾਰਨ ਵੱਖ ਵੱਖ ਧਾਰਮਿਕ ਅਸਥਾਨਾਂ ਅਤੇ ਹੋਰਨਾ ਥਾਵਾਂ ’ਤੇ ਸੜਕਾਂ ਦੇ ਕਿਨਾਰੇ ਰਹਿਣ ਅਤੇ ਪੈਣ ਵਾਲ਼ੇ ਭਿਖਾਰੀਆਂ ਨੂੰ ਵੀ ਮੁਸ਼ਕਲਾਂ ਨਾਲ਼ ਜੂਝਣਾ ਪਿਆ। ਉਧਰ ਸ਼ਰਾਬ ਦੇ ਇੱਕ ਠੇਕੇਦਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੀ ਇਸ ਹਲਕੀ ਬਾਰਸ਼ ਦੌਰਾਨ ਜ਼ਿਲ੍ਹੇ ਅੰਦਰ ਆਮ ਦੇ ਮੁਕਾਬਲੇ ਅੱਜ ਸ਼ਰਾਬ ਦੀ ਖਪਤ ਵੀ ਜ਼ਿਆਦਾ ਹੋਈ।
ਡਕਾਲਾ (ਮਾਨਵਜੋਤ ਭਿੰਡਰ): ਇਲਾਕੇ ਦੇ ਕੁਝ ਹਿੱਸੇ ਅੰਦਰ ਅੱਜ ਸਵੇਰੇ ਹੋਈ ਕਿਣਮਿਣ ਮਗਰੋਂ ਮੁੜ ਠੰਢ ਵਧ ਗਈ ਹੈ। ਦਿਨ ਭਰ ਬੱਦਲਵਾਈ ਬਣੀ ਰਹੀ ਤੇ ਠੰਢੀਆਂ ਹਵਾਵਾਂ ਵੀ ਵਗਦੀਆਂ ਰਹੀਆਂ। ਓਧਰ ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਮੌਸਮ ਠੰਢਾ ਬਣਿਆ ਰਹਿਣਾ ਕਣਕ ਲਈ ਲਾਹੇਵੰਦ ਹੈ ਪ੍ਰੰਤੂ ਹੁਣ ਬਾਰਸ਼ ਦੀ ਬਹੁਤੀ ਜ਼ਰੂਰਤ ਨਹੀਂ ਹੈ। ਸਿਰਫ ਖੁਸ਼ਕ ਪੱਧਰ ਦਾ ਠੰਢਾ ਮੌਸਮ ਕਣਕ ਲਈ ਲਾਭਦਾਇਕ ਹੈ।