ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਕਤੂਬਰ
ਕਿਸਾਨ ਧਰਨਦਿਆਂ ਦੇ ਚੱਲਦਿਆਂ ਕਾਫ਼ੀ ਸਮੇਂ ਤੋਂ ਪਟਿਆਲਾ ਜ਼ਿਲ੍ਹੇ ਦੇ ਇੱਕ ਟੌਲ ਪਲਾਜ਼ੇ ’ਤੇ ਤਾਇਨਾਤ ਰਹਿਣ ਮਗਰੋਂ ਮਸਾਂ ਇੱਕ ਦਿਨ ਪਹਿਲਾਂ ਹੀ ਪੁਲੀਸ ਲਾਈਨ ਪਟਿਆਲਾ ਵਿਖੇ ਤਾਇਨਾਤ ਕੀਤੇ ਗਏ ਏਐੱਸਆਈ ਲਖਵਿੰਦਰ ਸਿੰਘ (ਬੈਲਟ ਨੰਬਰ 518) ਦੀ ਕਾਰ ਸਮੇਤ ਨਹਿਰ ’ਚ ਡਿੱੱਗਣ ਕਾਰਨ ਭੇਤਭਰੀ ਹਾਲਤ ’ਚ ਮੌਤ ਹੋ ਗਈ। ਪੁਲੀਸ ਅਧਿਕਾਰੀ ਆਪਣੀ ਪਤਨੀ ਸਮੇਤ ਇਥੇ ਰਾਜਪੁਰਾ ਰੋਡ ਸਥਿਤ ਹੀਰਾਬਾਗ ਖੇਤਰ ’ਚ ਰਹਿ ਰਿਹਾ ਸੀ। ਉਨ੍ਹਾਂ ਦੇ ਦੋਵੇਂ ਬੱਚੇ ਬੇਟਾ ਅਤੇ ਬੇਟੀ ਅਮਰੀਕਾ ਵਿਚ ਰਹਿੰਦੇ ਹਨ। ਬੇਟੀ ਸ਼ਾਦੀਸੁਦਾ ਹੈ। ਪਿਛਲੇ ਸਮੇਂ ਤੋਂ ਉਹ ਇੱਕ ਟੌਲ ਪਲਾਜ਼ੇ ’ਤੇ ਤਾਇਨਾਤ ਸੀ। ਹੋਰਨਾਂ ਪੁਲੀਸ ਪੁਲੀਸ ਮੁਲਾਜ਼ਮਾਂ ਦੀ ਤਰ੍ਹਾਂ ਹੀ ਉਸ ਨੂੰ ਵੀ ਇਕ ਦਿਨ ਪਹਿਲਾਂ ਹੀ ਬਦਲ ਕੇੇ ਪੁਲੀਸ ਲਾਈਨ ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਸੀ। ਵੀਰਵਾਰ ਦੇਰ ਸ਼ਾਮੀਂ ਉਹ ਕਾਰ ਸਮੇਤ ਰਾਜਪੁਰਾ ਰੋਡ ਸਥਿਤ ਨਰਵਾਣਾ ਬਰਾਂਚ ਨਹਿਰ ਵਿਚ ਡਿੱਗ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਹ ਹਾਦਸਾ ਇਸ ਨਹਿਰ ਦੇ ਰਾਜਪੁਰਾ ਰੋਡ ਸਥਿਤ ਖੇੜੀ ਗੰੰਡਿਆਂ ਵਿਖੇ ਮੁੱਖ ਪੁਲ਼ ਤੋਂ ਤਕਰੀਬਨ ਇਕ ਕਿਲੋਮੀਟਰ ਦੇ ਫਾਸਲੇ ’ਤੇ ਸਥਿਤ ਖਾਨਪੁਰ ਰੇਲੂ ਪਿੰਡ ਦੇ ਕੋਲ਼ ਪੈਂਦੇ ਇਸੇ ਹੀ ਨਹਿਰ ਦੇ ਇੱਕ ਹੋਰ ਪੁਲ਼ ਦੇ ਕੋਲ਼ ਵਾਪਰਿਆ। ਹਾਦਸੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚੁੰਝ ਚਰਚਾਵਾਂ ਹਨ। ਇਥੋਂ ਤੱਕ ਕਿ ਇਸ ਘਟਨਾਕ੍ਰਮ ਨੂੰ ਖੁਦਕੁਸ਼ੀ ਦਾ ਨਾਮ ਵੀ ਦਿੱਤਾ ਜਾ ਰਿਹਾ ਹੈ, ਪਰ ਅਸਲੀ ਤੱਥ ਪੁਲੀਸ ਦੀ ਜਾਂਚ ਮੁਕੰਮਲ ਹੋਣ ’ਤੇ ਹੀ ਸਾਹਮਣੇ ਆਉਣਗੇ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਹਰ ਪਹਿਲੂ ਨੂੰ ਗਹੁ ਨਾਲ਼ ਵਾਚ ਰਹੀ ਹੈ। ਉਂਜ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਮੁੱਢਲੀ ਪੁਲੀਸ ਤਫਤੀਸ਼ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇਹ ਹਾਦਸਾ ਆਪਸ ’ਚ ਭਿੜ ਰਹੇ ਦੋ ਲਾਵਾਰਿਸ ਪਸ਼ੂਆਂ ਨਾਲ਼ ਕਾਰ ਟਕਰਾਉਣ ਕਰਵਾਉਣ ਕਰਕੇ ਵਾਪਰਿਆ ਤੇ ਏਐੱਸਆਈ ਦੀ ਕਾਰ ਨਹਿਰ ਵਿਚ ਡਿੱਗ ਗਈ। ਜਿਸ ਦੇ ਸਿੱਟੇ ਵਜੋਂ ਹੀ ਉਸ ਦੀ ਜਾਨ ਜਾਂਦੀ ਰਹੀ। ਇੰਸਪੈਕਟਰ ਕਿਰਪਾਲ ਨੇ ਕਿਹਾ ਕਿ ਫਿਰ ਵੀ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।