ਪੱਤਰ ਪ੍ਰੇਰਕ
ਭਾਦਸੋਂ, 1 ਅਗਸਤ
ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਪਿਛਲੇ ਦਿਨੀਂ ਭਾਦਸੋਂ ਨੇੜਲੇ ਪਿੰਡ ਝੰਬਾਲੀ ਖਾਸ ਦੀਆਂ ਗਲੀਆਂ ਨਾਲੀਆਂ ਤੇ ਸ਼ਮਸ਼ਾਨ ਘਾਟ ਵਿੱਚ ਨੀਂਹ ਪੱਥਰ ਰੱਖਣਿਆ ਜਾਣਾ ਸੀ, ਪਰ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਧਰਮਸੋਤ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਗਿਆ। ਬਿਨਾਂ ਨੀਂਹ ਪੱਥਰ ਰੱਖੇ ਪਿੰਡ ਤੋਂ ਬਾਹਰ ਤੋਂ ਇਹ ਚਰਚਾ ਉਸ ਸਮੇਂ ਹੋਰ ਵੀ ਗੰਭੀਰ ਬਣ ਗਈ, ਜਦੋਂ ਪਿੰਡ ਝੰਬਾਲੀ ਖਾਸ ਦੇ ਸਰਪੰਚ ਜਰਨੈਲ ਸਿੰਘ ਨੇ ਥਾਣਾ ਭਾਦਸੋਂ ਵਿੱਚ ਦੋ ਕਿਸਾਨ ਆਗੂਆਂ ਅਜੈਬ ਸਿੰਘ ਛੰਨਾਂ ਨੱਥੂਵਾਲੀਆਂ ਤੇ ਜਸਵਿੰਦਰ ਸਿੰਘ ਝੰਬਾਲੀ ਖਾਸ ਵਿਰੁੱਧ ਸ਼ਮਸ਼ਾਨ ਘਾਟ ਵਿੱਚ ਲੱਗਿਆ ਨੀਂਹ ਪੱਥਰ ਤੋੜਨ ਦੇ ਦੋਸ਼ ਲਾ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ। ਜਿਸ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਭਾਦਸੋਂ ਦੇ ਪ੍ਰਧਾਨ ਬਲਜੀਤ ਸਿੰਘ ਘਣੀਏਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਕਾਲੀਆਂ ਝੰਡੀਆਂ ਲੈ ਕੇ ਥਾਣਾ ਭਾਦਸੋਂ ਘੇਰ ਕੇ ਕੈਂਬਨਿਟ ਮੰਤਰੀ ਧਰਮਸੋਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਦੋਂ ਇਸ ਸੰਬਧੀ ਕਿਸਾਨ ਆਗੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਧਰਮਸੋਤ ਦੇ ਨੇੜਲੇ ਸਰਪੰਚ ਜਰਨੈਲ ਸਿੰਘ ਨੇ ਕਿਸਾਨ ਆਗੂਆਂ ਵਿਰੁੱਧ ਝੂਠੀ ਸ਼ਿਕਾਇਤ ਕਰ ਕੇ ਉਨ੍ਹਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ। ਇਸ ਬਾਰੇ ਕਿਸਾਨ ਅਜੈਬ ਸਿੰਘ ਛੰਨਾਂ ਨੱਥੂਵਾਲੀਆਂ ਨਾਲ ਗੱਲਬਾਤ ਕਰਨ ਤੇ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦਾ ਪੰਚਾਇਤ ਨਾਲ ਅਦਾਲਤ ਵਿੱਚ ਜ਼ਮੀਨੀ ਝਗੜਾ ਚੱਲ ਰਿਹਾ ਹੈ, ਸਰਪੰਚ ਜਰਨੈਲ ਸਿੰਘ ਘਟੀਆਂ ਰਾਜਨੀਤੀ ਕਰਕੇ ਦਬਾਅ ਪਾ ਰਿਹਾ ਹੈ। ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਾਹਲ ਨੇ ਕਿਹਾ ਕਿ ਸਰਪੰਚ ਜਰਨੈਲ ਸਿੰਘ ਵਲੋਂ ਜੋ ਦਰਖ਼ਾਸਤ ਦਿੱਤੀ ਗਈ ਹੈ, ਉਸ ’ਤੇ ਦੋਵੇਂ ਧਿਰਾ ਦੀ ਗੱਲ ਸੁਣਨ ਮਗਰੋਂ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨਾਲ ਵੀ ਵਧੀਕੀ ਨਹੀਂ ਹੋਵੇਗੀ।