ਖੇਤਰੀ ਪ੍ਰਤੀਨਿਧ
ਪਟਿਆਲਾ, 30 ਜੁਲਾਈ
ਪੁਲੀਸ ਚੌਕੀ ਬਹਾਦਰਗੜ੍ਹ ਦੇ ਇਕ ਥਾਣੇਦਾਰ ਤੋਂ ਖ਼ਫ਼ਾ ਹੋਏ ਨੇੜਲੇ ਪਿੰਡ ਮਹਿਮੂਦਪੁਰ ਜੱਟਾਂ ਦੇ ਵਸਨੀਕ ਰਾਮ ਸਿੰਘ ਨੇ ਸਾਰੀ ਰਾਤ ਪਾਣੀ ਵਾਲੀ ਟੈਂਕੀ ’ਤੇ ਕੱਟੀ। ਇਸ ਦੌਰਾਨ ਭਾਰੀ ਮੀਂਹ ਵੀ ਵਰਸਿਆ ਪਰ ਉਹ ਅਡੋਲ ਟੈਂਕੀ ’ਤੇ ਹੀ ਚੜ੍ਹਿਆ ਰਿਹਾ।
ਰਾਮ ਸਿੰਘ ਦਾ ਕਹਿਣਾ ਹੈ ਕਿ ਨੌਂ ਮਹੀਨੇ ਪਹਿਲਾਂ ਕੁਝ ਵਿਅਕਤੀਆਂ ਵੱਲੋਂ ਉਸ ਨਾਲ ਝਗੜਾ ਕਰਦਿਆਂ, ਵਧੀਕੀ ਕੀਤੀ ਗਈ ਸੀ। ਇਸ ਸਬੰਧੀ ਉਸ ਨੇ ਪੁਲੀਸ ਚੌਕੀ ਬਹਾਦਰਗੜ੍ਹ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਅਜੇ ਤੱਕ ਵੀ ਮੁਲਜ਼ਮਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਦਾ ਕਹਿਣਾ ਹੈ ਕਿ ਇਸ ਸਬੰਧੀ ਉਹ ਕਈ ਵਾਰ ਪੁਲੀਸ ਚੌਕੀ ਵਿੱਚ ਵੀ ਗਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਰੋਸ ਵਜੋਂ ਧਰਨਾ ਲਾਉਣ ਦੀ ਗੱਲ ਆਖੀ ਤਾਂ ਸਬੰਧਤ ਥਾਣੇਦਾਰ ਦਾ ਕਹਿਣਾ ਸੀ ਉਹ ਅਜਿਹੇ ਧਰਨਿਆਂ ਤੋਂ ਨਹੀਂ ਡਰਦਾ। ਥਾਣੇਦਾਰ ਨੇ ਇਥੋਂ ਤੱਕ ਵੀ ਆਖਿਆ ਕਿ ਉਹ ਉਸ ਦਾ ਨਾਂ ਲੈ ਕੇ ਧਰਨਾ ਲਾਵੇ। ਇਸ ਤੋਂ ਇਲਾਵਾ ਰਾਮ ਸਿੰਘ ਨੇ ਇਸ ਥਾਣੇਦਾਰ ’ਤੇ ਉਸ ਨਾਲ ਦੁਰਵਿਵਹਾਰ ਕਰਨ ਦੇ ਇਲਜ਼ਾਮ ਵੀ ਲਾਏ। ਇਸ ਤੋਂ ਅੱਕ ਕੇ ਹੀ ਉਹ ਪੈਟਰੋਲ ਦੀ ਭਰੀ ਇੱਕ ਬੋਤਲ ਨਾਲ਼ ਲੈ ਕੇ ਸ਼ੁੱਕਰਵਾਰ ਦੇਰ ਸ਼ਾਮੀ ਪਾਣੀ ਵਾਲ਼ੀ ਇੱਕ ਟੈਕੀ ’ਤੇ ਚੜ੍ਹ ਗਿਆ। ਭਾਵੇੇਂ ਕਿ ਉਸ ਨੂੰ ਉਤਰਨ ਲਈ ਵਾਰ-ਵਾਰ ਕਿਹਾ ਜਾਂਦਾ ਰਿਹਾ, ਪਰ ਉਹ ਰਾਤ ਭਰ ਉੱਪਰ ਹੀ ਬੈਠਾ ਰਿਹਾ। ਅਖੀਰ ਅੱਜ ਦਿਨੇ ਉੱਚ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਜਿਸ ਮਗਰੋਂ ਉਹ ਹੇਠਾਂ ਉਤਰਿਆ।