ਬਹਾਦਰ ਸਿੰਘ ਮਰਦਾਂਪੁਰ
ਘਨੌਰ, 19 ਸਤੰਬਰ
ਇੱਥੋਂ ਨੇੜਲੇ ਪਿੰਡ ਸੇਹਰਾ ਵਿੱਚ ਬਲਾਕ ਸ਼ੰਭੂ ਕਲਾਂ ਦੇ ਪਿੰਡ ਆਕੜੀ, ਸੇਹਰਾ, ਸੇਹਰੀ, ਤਖਤੂਮਾਜਰਾ ਅਤੇ ਪੱਬਰਾ ਦੇ ਲੋਕਾਂ ਦਾ ਵੱਡਾ ਇਕੱਠ ਜਸਵਿੰਦਰ ਸਿੰਘ ਆਕੜੀ, ਮਨਦੀਪ ਸਿੰਘ ਸੇਹਰੀ, ਹਰਜੀਤ ਸਿੰਘ ਸੇਹਰਾ, ਨਰਿੰਦਰ ਸਿੰਘ ਤਖਤੂਮਾਜਰਾ ਅਤੇ ਅਵਤਾਰ ਸਿੰਘ ਪੱਬਰਾ ਦੀ ਸਾਂਝੀ ਅਗਵਾਈ ਹੇਠ ਹੋਇਆ। ਇਸ ਮੌਕੇ ਕਰੀਬ ਤਿੰਨ ਸਾਲ ਪਹਿਲਾਂ ਸਰਕਾਰ ਵੱਲੋਂ ਅੰਮ੍ਰਿਤਸਰ-ਕਲਕੱਤਾ ਉਦਯੋਗਿਕ ਗਲਿਆਰਾ ਯੋਜਨਾ ਅਧੀਨ ਉਕਤ ਪਿੰਡਾਂ ਦੀ ਕਰੀਬ 1100 ਏਕੜ ਸ਼ਾਮਲਾਟ ਜ਼ਮੀਨ ਐਕੁਆਇਰ (ਖਰੀਦਣ) ਸਮੇਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਹੋਣ ’ਤੇ ਲੋਕਾਂ ਵੱਲੋਂ ਸਰਕਾਰ ਖਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਇਸ ਇਕੱਠ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦੇ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ, ਗੁਰਧਿਆਨ ਸਿੰਘ ਸਿਊਣਾ, ਸੁਖਵਿੰਦਰ ਸਿੰਘ ਸਪੇੜਾ, ਸੁਰਿੰਦਰਪਾਲ ਸਿੰਘ ਗੌਂਸਪੁਰ, ਕੀਰਤ ਸਿੰਘ, ਰਣਧੀਰ ਸਿੰਘ ਅਤੇ ਪਲਵਿੰਦਰ ਸਿੰਘ ਸਮੇਤ ਹੋਰਨਾਂ ਬੁਲਾਰਿਆਂ ਨੇ ਆਖਿਆ ਕਿ ਉਕਤ ਪਿੰਡਾਂ ਦੀ ਜ਼ਮੀਨ ਐਕੁਆਇਰ ਕਰਨ ਵੇਲੇ ਸਰਕਾਰ ਵੱਲੋਂ ਸਬੰਧਤ ਪੰਚਾਇਤਾਂ ਨੂੰ ਪ੍ਰਤੀ ਏਕੜ 35 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਗਈ ਸੀ ਜਿਸ ਵਿੱਚੋਂ 9 ਲੱਖ ਰੁਪਏ ਪ੍ਰਤੀ ਏਕੜ ਸ਼ਾਮਲਾਟ ਜਮੀਨ ਦੇ ਕਾਸ਼ਤਕਾਰਾਂ ਨੂੰ ਦਿੱਤੇ ਗਏ ਸਨ। ਉਨ੍ਹਾਂ ਐਲਾਨ ਕੀਤਾ ਕਿ ਮਜ਼ਦੂਰ ਅਤੇ ਆਮ ਲੋਕ ਆਪਣੇ ਹੱਕ ਲੈਣ ਲਈ ਸੰਘਰਸ਼ ਵਿੱਢਣਗੇ।