ਨਿੱਜੀ ਪੱਤਰ ਪ੍ਰੇਰਕ
ਪਟਿਅਲਾ, 23 ਜੁਲਾਈ
ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੇ ਮਸਲੇ ਸੁਣਨ ਅਤੇ ਹੱਲ ਕਰਨ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਦੀ ਮੀਟਿੰਗ ਪੀ.ਐੱਸ.ਈ.ਬੀ. ਐਂਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨਾਲ ਮਿਨੀ ਸਕੱਤਰੇਤ ਚੰਡੀਗੜ੍ਹ ’ਚ ਹੋਈ। ਮੀਟਿੰਗ ਬਾਰੇ ਕਰਮਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਮੀਟਿੰਗ ਵਿੱਚ ਬਿਜਲੀ ਮੁਲਾਜ਼ਮਾਂ ਦੀਆਂ ਵਿੱਤ ਨਾਲ ਸਬੰਧਤ ਮੰਗਾਂ ’ਤੇ ਵਿਚਾਰ ਚਰਚਾ ਹੋਈ ਪਰ ਮੁੱਖ ਤੌਰ ’ਤੇ ਬਿਜਲੀ ਮੁਲਾਜ਼ਮਾਂ ਦਾ ਮਿਤੀ 11.2.2011 ਤੋਂ ਚੱਲ ਰਹੇ ਮਸਲੇ ਪੇਅ ਬੈਂਡ ’ਤੇ ਵਿਸਥਾਰਪੂਰਵਕ ਵਿਚਾਰ ਚਰਚਾ ਹੋਈ। ਤਿੰਨ ਮੈਂਬਰੀ ਕਮੇਟੀ ਨੇ ਜੁਆਇੰਟ ਫੋਰਮ ਦਾ ਪੱਖ ਧਿਆਨ ਪੂਰਵਕ ਸੁਣਿਆ ਅਤੇ ਪੇਸ਼ ਕੀਤੇ ਪੱਖ ਅਨੁਸਾਰ ਮਸਲੇ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਜੁਆਇੰਟ ਫੋਰਮ ਦੇ ਨੁਮਾਇੰਦਿਆ ਨੇ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਰੱਖੀ ਕਿ ਪੇਅ ਬੈਂਡ ਦਾ ਮੁੱਦਾ 11.2.2016 ਦੀ ਪੇਅ ਰਿਵੀਜ਼ਨ ਨਾਲ ਜੁੜਿਆ ਮੁੱਦਾ ਹੈ। ਇਸ ਦਾ ਪੇਅ ਰਿਵੀਜ਼ਨ ਤੋਂ ਪਹਿਲਾਂ ਹੱਲ ਕੀਤਾ ਜਾਵੇ। ਤਿੰਨ ਮੈਂਬਰੀ ਕਮੇਟੀ ਨੇ ਬਿਜਲੀ ਨਿਗਮ ਦੇ ਕਰਮਚਾਰੀਆਂ ਦੀ ਪੇਅ ਰਵੀਜਨ ਤੋਂ ਪਹਿਲਾਂ ਮਸਲਾ ਹੱਲ ਕਰਨ ਦਾ ਫਿਰ ਭਰੋਸਾ ਦਿੱਤਾ।