ਸੁਭਾਸ਼ ਚੰਦਰ
ਸਮਾਣਾ, 23 ਮਈ
ਕਰੀਬ 88 ਪਿੰਡਾਂ ਦੀਆਂ ਪੰਚਾਇਤਾਂ ਤੇ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਪੱਖੋਂ ਸਹੂਲਤਾਂ ਵੰਡ ਰਹੇ ਪੰਚਾਇਤ ਸਮਿਤੀ ਦਫ਼ਤਰ ਸਮਾਣਾ ਦੇ ਮੁਲਾਜ਼ਮ 15 ਸਾਲ ਪਹਿਲਾਂ ਅਣ-ਸੁਰੱਖਿਅਤ ਘੋਸ਼ਿਤ ਕੀਤੀ ਇਮਾਰਤ ਵਿੱਚ ਆਪਣੀ ਜਾਨ ਜੋਖਮ ’ਚ ਪਾ ਕੇ ਕੰਮ ਕਰ ਰਹੇ ਹਨ। ਉਕਤ ਦਫਤਰ ਦੀ ਥਾਂ ਤਬਦੀਲ ਕਰਨ ਜਾਂ ਨਵੀਂ ਬਿਲਡਿੰਗ ਬਣਾਉਣ ਲਈ ਪੰਚਾਇਤ ਸਮਿਤੀ ਦੇ ਮੌਕੇ ਦੇ ਚੇਅਰਮੈਨਾਂ ਸਣੇ ਸਮੂਹ ਸਰਪੰਚਾਂ ਨੇ ਕਈ ਵਾਰ ਮਤੇ ਪਾਸ ਕਰਕੇ ਪੰਜਾਬ ਸਰਕਾਰ ਨੂੰ ਸਬੰਧਤ ਵਿਭਾਗ ਰਾਹੀਂ ਭੇਜਣ ਦੇ ਬਾਵਜੂਦ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਜਿਸ ਕਾਰਨ ਡਿਗੂੰ ਡਿਗੂੰ ਕਰਦੀ ਇਮਾਰਤ ਕਦੇ ਵੀ ਮੁਲਾਜ਼ਮਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਵੜੈਚਾਂ ਰੋਡ ਸਥਿਤ ਪੁਰਾਣੇ ਪੰਚਾਇਤ ਦਫਤਰ ਵਿਚ ਸਿਵਲ ਹਸਪਤਾਲ ਦਾ ਨਿਰਮਾਣ ਕਰਕੇ ਪੰਜਾਬ ਸਰਕਾਰ ਨੇ ਸਿਵਲ ਹਸਪਤਾਲ ਦੀ ਬਿਲਡਿੰਗ ਸਮੇਤ ਥਾਂ ਪੰਚਾਇਤ ਸਮਿਤੀ ਨੂੰ ਤਬਦੀਲ ਕਰ ਦਿੱਤੀ ਸੀ। ਸਿਵਲ ਹਸਪਤਾਲ ਦੀ ਇਮਾਰਤ ਕਈ ਦਹਾਕੇ ਪਹਿਲਾਂ ਬਣੀ ਹੋਣ ਕਰਕੇ ਉਪ ਮੰਡਲ ਇੰਜਨੀਅਰ ਉਸਾਰੀ ਲੋਕ ਨਿਰਮਾਣ ਵਿਭਾਗ ਭਵਨ ਤੇ ਮਾਰਗ ਸ਼ਾਖਾ ਵੱਲੋਂ 9 ਅਕਤੂਬਰ 2007 ਨੂੰ ਸਬ ਡਿਵੀਜ਼ਨ ਅਫ਼ਸਰ ਨਾਲ ਸਾਂਝੇ ਤੌਰ ’ਤੇ ਇੰਸਪੈਕਸ਼ਨ ਕਰਨ ਉਪਰੰਤ ਇਸ ਬਿਲਡਿੰਗ ਨੂੰ ਅਣਸੁਰੱਖਿਅਤ ਘੋਸ਼ਿਤ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਸਬੰਧਤ ਅਧਿਕਾਰੀ, ਮੰਤਰੀ, ਜਾਂ ਵਿਧਾਇਕ ਨੇ ਇਸ ਦਫਤਰ ਦੀ ਨਵੀਂ ਬਿਲਡਿੰਗ ਬਣਾਉਣ ਲਈ ਧਿਆਨ ਤਾਂ ਕੀ ਦੇਣਾ ਸੀ ਸਗੋਂ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕਿਰਾਏ ਦੀਆਂ ਬਿਲਡਿੰਗਾਂ ਖਾਲੀ ਕਰ ਕੇ ਦਫ਼ਤਰਾਂ ਨੂੰ ਸਰਕਾਰੀ ਬਿਲਡਿੰਗਾਂ ਵਿਚ ਤਬਦੀਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਇਸ ਦਫ਼ਤਰ ਵਿੱਚ ਸਿਹਤ ਵਿਭਾਗ ਦੀ ਡਿਸਪੈਂਸਰੀ, ਤਹਿਸੀਲ ਭਲਾਈ ਅਫਸਰ, ਭੂਮੀ ਰੱਖਿਆ ਵਿਭਾਗ ਅਤੇ ਜੀਓਜੀ ਦੇ ਦਫ਼ਤਰ ਵੀ ਖੋਲ੍ਹ ਦਿੱਤੇ ਜਿਸ ਕਰਕੇ ਆਮ ਲੋਕਾਂ ਦਾ ਕੰਮਾਂ ਲਈ ਆਉਣਾ ਜਾਣਾ ਪਹਿਲਾਂ ਨਾਲੋਂ ਹੋਰ ਵਧ ਗਿਆ। ਇਸ ਸਬੰਧੀ ਸਰਪੰਚ ਯੂਨੀਅਨ ਦੇ ਪ੍ਰਧਾਨ ਯਾਦਵਿੰਦਰ ਸਿੰਘ ਧਨੌਰੀ ਨੇ ਦੱਸਿਆ ਕਿ ਸਾਡੇ ਤੋਂ ਪਹਿਲਾਂ ਤੇ ਉਨ੍ਹਾਂ ਵੱਲੋਂ ਵੀ ਸਮਾਣਾ ਪੰਚਾਇਤ ਸਮਿਤੀ ਦਫਤਰ ਦੀ ਨਵੀਂ ਬਿਲਡਿੰਗ ਬਣਾਉਣ ਜਾਂ ਦਫ਼ਤਰ ਪਿੰਡ ਰੇਤਗੜ੍ਹ ਦੀ ਪੰਚਾਇਤੀ ਜ਼ਮੀਨ ਵਿਚ ਤਬਦੀਲ ਕਰਨ ਲਈ ਕਈ ਵਾਰ ਮਤੇ ਪਾਸ ਕਰਕੇ ਭੇਜੇ ਗਏ ਸਨ। ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗੁਰਮੀਤ ਸਿੰਘ ਨੇ ਦਫਤਰ ਦੀ ਬਿਲਡਿੰਗ ਨੂੰ ਅਣਸੁਰੱਖਿਅਤ ਘੋਸ਼ਿਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਚਾਇਤਾਂ ਵੱਲੋਂ ਪਾਏ ਮਤੇ ਉੱਚ ਅਧਿਕਾਰੀਆਂ ਨੂੰ ਭੇਜੇ ਗਏ ਸਨ ਪਰ ਅੱਗੇ ਹੋਰ ਕੋਈ ਕਾਰਵਾਈ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।