ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 12 ਅਕਤੂਬਰ
ਇਸ ਖਿੱਤੇ ਵਿੱਚ ਚਾਰ ਦਿਨਾਂ ਤੱਕ ਲਗਾਤਾਰ ਮੀਂਹ ਪੈਣ ਕਾਰਨ ਮੰਡੀਆਂ ਵਿੱਚ ਕਿਸਾਨ ਅਤੇ ਆੜ੍ਹਤੀ ਅੱਜ ਵੀ ਖੱਜਲਖੁਆਰ ਹੁੰਦੇ ਰਹੇ। ਭਾਵੇਂ ਉਨ੍ਹਾਂ ਨੂੰ ਹੋ ਰਹੀ ਖੱਜਲ ਖੁਆਰੀ ਤੋਂ ਅੱਜ ਮੌਸਮ ਸਾਫ ਹੋ ਜਾਣ ’ਤੇ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਰਾਜਪੁਰਾ ਅਤੇ ਘਨੌਰ ਦੀਆਂ ਮੰਡੀਆਂ ਵਿੱਚ ਅਜੇ ਵੀ ਝੋਨੇ ਦੀ ਫਸਲ ਵੇਚਣ ਲਈ ਕਈ ਕਈ ਦਿਨਾਂ ਤੋਂ ਕਿਸਾਨ ਬੈਠੇ ਹਨ। ਝੋਨੇ ਦੀਆਂ ਢੇਰੀਆਂ ਵਿੱਚੋਂ ਦਾਣੇ ਪੁੰਗਰਨ ਲੱਗੇ ਹਨ। ਕਿਸਾਨ ਬਲਵਿੰਦਰ ਸਿੰਘ ਕਾਮੀਂ ਕਲਾਂ, ਕਿਰਪਾਲ ਸਿੰਘ ਬਹਾਵਲਪੁਰ, ਦੇਵੀ ਦਿਆਲ ਊਲਾਣਾ ਅਤੇ ਭਿੰਦਰ ਸਿੰੰਘ ਰੁੜਕਾ ਸਮੇਤ ਹੋਰਨਾਂ ਨੇ ਦੱਸਿਆ ਕਿ ਉਹ ਪਿਛਲੇ 6 ਦਿਨਾਂ ਤੋਂ ਝੋਨਾ ਵੇਚਣ ਲਈ ਘਨੌਰ ਮੰਡੀ ਵਿੱਚ ਬੈਠੇ ਹਨ। ਝੋਨਾ ਵਿੱਕ ਨਹੀਂ ਰਿਹਾ ਤੇ ਝੋਨੇ ਦੇ ਦਾਣੇ ਪੁੰਗਰਨ ਲੱਗੇ ਹਨ। ਰਾਜਪੁਰਾ ਦੀਆਂ ਮੰਡੀਆਂ ਵਿੱਚੋਂ ਕਰੀਬ 34 ਹਜ਼ਾਰ ਕੁਇੰਟਲ ਅਤੇ ਘਨੌਰ ਦੀਆਂ ਮੰਡੀਆਂ ਵਿੱਚੋਂ 15 ਹਜ਼ਾਰ ਹਜ਼ਾਰ ਕੁਇੰਟਲ ਰਾਜ ਦੀ ਖਰੀਦ ਏਜੰਸੀਆਂ ਨੇ ਝੋਨੇ ਦੀ ਖਰੀਦ ਕੀਤੀ। ਹੁਣ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ 12 ਦਿਨ ਬਾਅਦ ਵੀ ਕੇਂਦਰੀ ਖਰੀਦ ਏਜੰਸੀ ਐੱਫਸੀਆਈ ਵੱਲੋਂ ਦੋਵੇਂ ਮੰਡੀਆਂ ਵਿੱਚੋਂ ਅੱਜ ਤੱਕ ਇੱਕ ਕਿੱਲੋ ਵੀ ਝੋਨਾ ਨਹੀਂ ਖਰੀਦਿਆ।
ਮੌਸਮ ਸਾਫ ਹੋਣ ਦੇ ਬਾਵਜੂਦ ਅਨਾਜ ਮੰਡੀ ਘਨੌਰ ਦੇ ਪੱਕੇ ਫੜ੍ਹ ’ਤੇ ਝੋਨੇ ਦੀਆਂ ਢੇਰੀਆਂ ਦੁਆਲੇ ਅੱਜ ਵੀ ਮੀਹ ਦਾ ਪਾਣੀ ਖੜ੍ਹਿਆ ਰਿਹਾ। ਮਾਰਕੀਟ ਕਮੇਟੀ ਰਾਜਪੁਰਾ ਤੇ ਘਨੌਰ ਦੇ ਸਕੱਤਰ ਅਸ਼ਵਨੀ ਕੁਮਾਰ ਮਹਿਤਾ ਨੇ ਦੱਸਿਆ ਕਿ ਅੱਜ ਤੱਕ ਰਾਜਪੁਰਾ ਦੀਆਂ ਮੰਡੀਆਂ ਵਿੱਚ 4 ਲੱਖ 6 ਹਜ਼ਾਰ ਕੁਇੰਟਲ ਅਤੇ ਘਨੌਰ ਦੀਆਂ ਮੰਡੀਆਂ ਵਿੱਚ ਇੱਕ ਲੱਖ 32 ਹਜ਼ਾਰ 800 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ। ਜਦੋਂਕਿ ਰਾਜਪੁਰਾ ਦੀ ਮੰਡੀ ਵਿੱਚ ਅੱਜ ਵੀ ਕਰੀਬ 12 ਹਜ਼ਾਰ ਕੁਇੰਟਲ ਅਤੇ ਘਨੌਰ ਦੀਆਂ ਮੰਡੀਆਂ ਵਿੱਚ ਝੋਨਾ ਅਣਵਿੱਕਿਆ ਪਿਆ ਹੈ। ਇਸੇ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਮੀਹ ਦਾ ਪਾਣੀ ਪੱਕੀ ਹੋਈ ਝੋਨੇ ਦੀ ਫਸਲ ਵਾਲੇ ਖੇਤਾਂ ਵਿੱਚ ਖੜ੍ਹਾ ਹੋਣ ਕਾਰਨ ਅਜੇ ਦੋ ਤਿੰਨ ਦਿਨਾਂ ਤੋਂ ਬਾਅਦ ਕੰਬਾਈਨਾਂ ਚੱਲ ਸਕਣਗੀਆਂ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਧਰਮਪਾਲ ਸਿੰਘ ਸੀਲ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਸੋਗਲਪੁਰ ਅਤੇ ਬੀਕੇਯੂ (ਰਾਜੇਵਾਲ) ਦੇ ਆਗੂ ਕਿਰਪਾਲ ਸਿੰਘ ਬਹਾਵਲਪੁਰ ਸਮੇਤ ਹੋਰਨਾਂ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿੱਚ ਆਮਦ ਹੋ ਰਹੀ ਝੋਨੇ ਦੀ ਫਸਲ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾਵੇ।