ਖੇਤਰੀ ਪ੍ਰਤੀਨਿਧ
ਪਟਿਆਲਾ, 12 ਮਈ
ਸਮੂਹ ਨਰਸਿੰਗ ਸਟਾਫ ਨੇ ਅੱਜ ਇਥੇ ‘ਨਰਸਿੰਗ ਡੇਅ’ ਵੱਖ ਵੱਖ ਤਰੀਕਿਆਂ ਨਾਲ ਮਨਾਇਆ। ਰਾਜਿੰਦਰਾ ਹਸਪਤਾਲ ਦੇ ਕਰੋਨਾ ਵਾਰਡ ਵਿੱਚ ਤਾਇਨਾਤ ਨਰਸਿੰਗ ਸਟਾਫ ਨੇ ਕਰੋਨਾ ਵਾਰਡ ’ਚ ਹੀ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਮਰੀਜ਼ਾਂ ਨੇ ਵੀ ਉਨ੍ਹਾਂ ਨੂੰ ਨਰਸਿੰਗ ਡੇਅ ਦੀ ਵਧਾਈ ਦਿੱਤੀ। ਉਧਰ ਨਰਸਿੰਗ ਸਟਾਫ਼ ਦੇ ਪੰਜ ਸੌ ਤੋਂ ਵੱਧ ਮੈਂਬਰਾਂ ਲਈ ਐਤਕੀ ਦਾ ਇਹ ਨਰਸਿੰਗ ਦਿਵਸ ਪਹਿਲਾਂ ਨਾਲ਼ੋਂ ਨਿਵੇਕਲਾ ਰਿਹਾ ਕਿਉਂਕਿ ਭਾਰੀ ਜਦੋਂ ਜਹਿਦ ਕਰਕੇ ਦੋ ਸਾਲ ਪਹਿਲਾਂ ਰੈਗੂਲਰ ਹੋਏ ਇਸ ਸਟਾਫ਼ ਦਾ ਪ੍ਰੋਬੇਸ਼ਨਰ ਪੀਰੀਅਡ ਪੂਰਾ ਹੋਣ ’ਤੇ ਐਤਕੀ ਪਹਿਲੀ ਵਾਰ ਮੁਕੰਮਲ ਰੈਗੂਲਰ ਸਟਾਫ਼ ਵਾਲੀ ਤਨਖਾਹ ਮਿਲੀ। ਸਟਾਫ਼ ਨੂੰ ਹੁਣ 40 ਹਜਾਰ ਦੇ ਕਰੀਬ ਤਨਖਾਹ ਮਿਲਿਆ ਕਰੇਗੀ। ਨਰਸਿੰਗ ਸਟਾਫ਼ ਐਸੋਸੀਏਸਨ ਦੀ ਸੂਬਾਈ ਪ੍ਰਧਾਨ ਕਰਮਜੀਤ ਕੌਰ ਔਲਖ, ਸੂਬਾਈ ਜਨਰਲ ਸਕੱਤਰ ਮਨਪ੍ਰੀਤ ਕੌਰ ਮੋਗਾ ਅਤੇ ਚੇਅਰਪ੍ਰਸਨ ਸੰਦੀਪ ਕੌਰ ਬਰਨਾਲ਼ਾ ਸਮੇਤ ਕਈ ਹੋਰਨਾ ਦੀ ਅਗਵਾਈ ਹੇਠਾਂ ਕਈ ਸਾਲਾਂ ਤੱਕ ਵੱਡੇ ਸੰਘਰਸ਼ ਕਰਕੇ ਦੋ ਸਾਲ ਪਹਿਲਾਂ ਨਰਸਿੰਗ ਸਟਾਫ਼ ਦੇ 529 ਮੈਂਬਰਾਂ ਨੂੰ ਉਸ ਵੇਲ਼ੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਰੈਗੂਲਰ ਕੀਤਾ ਗਿਆ ਸੀ। ਉਨ੍ਹਾਂ ਨੂੰ ਹੁਣ 48 ਹਜਾਰ ਤਨਖਾਹ ਮਿਲਿਆ ਕਰੇਗੀ। ਜਦਕਿ ਪਹਿਲਾਂ ਸਿਰਫ਼ ਦਸ ਹਜ਼ਾਰ ਹੀ ਮਿਲਦੇ ਸਨ। ਉਨ੍ਹਾਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ।