ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਗਸਤ
ਇਥੋਂ ਦੀ ਨਿਊ ਮਹਿੰਦਰਾ ਕਲੋਨੀ ਦੇ 18 ਹੋਰ ਵਸਨੀਕ ਅੱਜ ਪੇਚਸ਼ ਤੋਂ ਪ੍ਰਭਾਵਿਤ ਪਾਏ ਗਏ ਜਿਸ ਨਾਲ ਮਰੀਜ਼ਾਂ ਦੀ ਗਿਣਤੀ 94 ਹੋ ਗਈ ਹੈ। ਉਂਜ ਹਾਲਤ ਗੰਭੀਰ ਹੋਣ ਕਾਰਨ ਜਿਹੜੇ 19 ਮਰੀਜ਼ ਹਸਪਤਾਲ ’ਚ ਦਾਖਲ ਸਨ, ਵਿਚੋਂ 11 ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਕੇ ਘਰੋ ਘਰੀ ਭੇਜ ਦਿੱਤਾ ਗਿਆ ਹੈ। ਪਰ 8 ਮਰੀਜ਼ ਅਜੇ ਵੀ ਦਾਖਲ ਹਨ। ਉਂਜ ਪੇਚਸ਼ ਦੀ ਲਪੇਟ ’ਚ ਆਉਣ ਕਾਰਨ ਦੋ ਦਿਨ ਪਹਿਲਾਂ ਇਸ ਖੇਤਰ ਦੇ ਦੋ ਬੱਚੇ ਮੌਤ ਦੇ ਮੂੰਹ ’ਚ ਵੀ ਜਾ ਚੁੱਕੇ ਹਨ। ਸਿਵਲ ਸਰਜਨ ਡਾ. ਰਾਜੂ ਧੀਰ ਨੇ ਪੇਚਸ਼ ਸਬੰਧੀ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਤਰਕ ਸੀ ਕਿ ਪੇਚਸ਼ ਤੋਂ ਪ੍ਰਭਾਵਿਤ ਕਲੋਨੀ ਵਾਸੀਆਂ ਵਿਚੋਂ ਸਿਰਫ਼ 8 ਜਣੇ ਹੀ ਅਜਿਹੇ ਹਨ, ਜੋ ਅਜੇ ਦਾਖਲ ਹਨ। ਬਾਕੀ 86 ਜਣਿਆਂ ਦੀ ਹਾਲਤ ਦਰੁਸਤ ਹੈ।
ਇਸੇ ਦੌਰਾਨ ਸਿਵਲ ਸਰਜਨ ਡਾ. ਰਾਜੂ ਧੀਰ ਨੇ ਅੱਜ ਫੇਰ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਕਲੋਨੀ ਦੀ ਗੁੱਗਾ ਮਾੜੀ ਵਿੱਚ ਲਗਾਏ ਸਿਹਤ ਜਾਂਚ ਕੈਂਪ ਅਤੇ ਜਾਰੀ ਘਰ ਘਰ ਸਰਵੇ ਸਬੰਧੀ ਮੁਹਿੰਮ ਦਾ ਨਿਰੀਖਣ ਵੀ ਕੀਤਾ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਤੇ ਡਾ. ਦਿਵਜੋਤ ਸਿੰਘ ਨੇ ਕਿਹਾ ਹੁਣ ਤੱਕ 825 ਕਲੋਨੀ ਵਾਸੀਆਂ ਨੂੰ ਓ.ਆਰ.ਐਸ. ਪੈਕਟਾਂ ਦੀ ਵੰਡ ਕਰਨ ਦੇ ਨਾਲ ਹੀ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਕੇ ਪੀਣ ਯੋਗ ਬਣਾਉਣ ਲਈ 8500 ਕਲੋਰੀਨ ਗੋਲ਼ੀਆਂ ਦੀ ਵੰਡ ਵੀ ਕੀਤੀ ਜਾ ਚੁੱਕੀ ਹੈ। ਅੱਜ ਦੋ ਹੋਰ ਸਟੂਲ ਸੈਂਪਲ ਜਾਂਚ ਲਈ ਲੈਬ ’ਚ ਭੇਜੇ ਗਏ ਹਨ। ਸੈਂਪਲਾਂ ਦੀਆਂ ਰਿਪੋਰਟਾਂ ਕੱਲ੍ਹ ਤੱਕ ਆਉਣਗੀਆਂ। ਉਧਰ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉਪਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਨਿਗਮ ਮੁਲ਼ਾਜ਼ਮਾਂ ਵੱਲੋਂ ਜਿਥੇ ਪੀਣ ਵਾਲ਼ੇ ਪਾਣੀ ਵਾਲ਼ੀਆਂ ਪਾਈਪਾਂ ਦੀ ਸਫਾਈ ਕੀਤੀ ਗਈ ਹੈ, ਉਥੇ ਹੀ ਸੀਵਰੇਜ ਲਾਈਨਾਂ ਵੀ ਸਾਫ਼ ਕੀਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਾਂਚ ਦੌਰਾਨ ਕਿਤੇ ਵੀ ਪਾਣੀ ਅਤੇ ਸੀਵਰੇਜ ਪਾਈਪ ਲਾਈਨਾਂ ਦੀ ਲੀਕੇਜ ਸਾਹਮਣੇ ਨਹੀਂ ਆਈ।
ਸੰਸਦ ਮੈਂਬਰ ਪਰਨੀਤ ਕੌਰ ਵੱਲੋਂ ਪੇਚਸ਼ ਪ੍ਰਭਾਵਿਤ ਖੇਤਰ ਦਾ ਦੌਰਾ
ਸੰਸਦ ਮੈਂਬਰ ਪਰਨੀਤ ਕੌਰ ਨੇ ਵੀ ਅੱਜ ਪੇਚਸ਼ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਤੇ ਫੌਤ ਹੋਏ ਬੱਚਿਆਂ ਦੇ ਘਰ ਜਾ ਕੇ ਉਨ੍ਹਾਂ ਦੇ ਮਾਪਿਆਂ ਨਾਲ ਦੁੱਖ ਵੀ ਸਾਂਝਾ ਕੀਤਾ। ਉਹ ਪੇਚਸ਼ ਦੇ ਕੁਝ ਮਰੀਜ਼ਾਂ ਨੂੰ ਵੀ ਮਿਲੇ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਸੰਜੀਵ ਬਿੱਟੂ ਵੀ ਮੌਜੂਦ ਸਨ। ਜਦਕਿ ਹਲਕਾ ਵਿਧਾਇਕ ਅਜੀਤਪਾਲ ਕੋਹਲੀ ਨੇ ਵੀ ਲਗਾਤਾਰ ਸਿਹਤ ਵਿਭਾਗ ਤੇ ਨਗਰ ਨਿਗਮ ਅਧਿਕਾਰੀਆਂ ਸਮੇਤ ਕਲੋਨੀ ਵਾਸੀਆਂ ਨਾਲ ਵੀ ਰਾਬਤਾ ਸਾਧਿਆ ਹੋਇਆ ਹੈ।