ਖੇਤਰੀ ਪ੍ਰਤੀਨਿਧ
ਪਟਿਆਲਾ, 22 ਨਵੰਬਰ
ਜ਼ਿਲ੍ਹੇ ਵਿੱਚ ਟੀਕਾਕਰਨ ਕੈਂਪਾਂ ਵਿੱਚ ਅੱਜ 3259 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ, ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਦੀ ਗਿਣਤੀ 15 ਲੱਖ 3 ਹਜ਼ਾਰ 266 ਹੋ ਗਈ ਹੈ।
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਘਰ-ਘਰ ਦਸਤਕ ਮੁਹਿੰਮ ਤਹਿਤ ਸਿਹਤ ਟੀਮਾਂ ਨੇ 1414 ਘਰਾਂ ਦਾ ਦੌਰਾ ਕੀਤਾ, ਜਿਸ ਦੌਰਾਨ 599 ਨਾਗਰਿਕ ਅਜਿਹੇ ਪਾਏ ਗਏ ਜਿਨ੍ਹਾਂ ਦੇ ਕੋਵਿਡ ਦਾ ਕੋਈ ਵੀ ਟੀਕਾ ਨਹੀਂ ਲੱਗਿਆ ਹੋਇਆ ਸੀ। ਇਨ੍ਹਾਂ ਵਿੱਚੋਂ 254 ਨਾਗਰਿਕਾਂ ਦੇ ਮੌਕੇ ’ਤੇ ਹੀ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਅਤੇ 1033 ਅਜਿਹੇ ਨਾਗਰਿਕ ਸਨ ਜਿਨ੍ਹਾਂ ਦੇ ਪਹਿਲੀ ਵੈਕਸੀਨ ਲੱਗੀ ਦਾ ਸਮਾਂ ਪੂਰਾ ਹੋ ਗਿਆ ਸੀ, ਵਿੱਚੋ 680 ਨਾਗਰਿਕਾਂ ਨੂੰ ਮੌਕੇ ’ਤੇ ਹੀ ਦੂਜੀ ਖੁਰਾਕ ਦਿੱਤੀ ਗਈ। ਇਸ ਤਰ੍ਹਾਂ ਘਰ ਘਰ ਦਸਤਕ ਮੁਹਿੰਮ ਤਹਿਤ 934 ਯੋਗ ਵਿਅਕਤੀਆਂ ਦੇ ਟੀਕੇ ਲਗਾਏ ਗਏ। 23 ਨਵੰਬਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਨਾਗਰਿਕਾਂ ਦਾ ਕੋਵੀਸ਼ੀਲਡ ਅਤੇ ਕੋਵੈਕਸੀਨ ਕੋਵਿਡ ਵੈਕਸੀਨ ਨਾਲ ਟੀਕਾਕਰਨ ਕੀਤਾ ਜਾਵੇਗਾ।
ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਇੰਟਰਨੈਸ਼ਨਲ ਸਟੂਡੈਂਟਸ/ ਟਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਪਟਿਆਲਾ ਜ਼ਿਲ੍ਹੇ ਵਿੱਚ ਸਿਰਫ਼ ਇੱਕ ਕੋਵਿਡ ਕੇਸ
ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਅੱਜ ਜ਼ਿਲ੍ਹੇ ਵਿੱਚ ਸਿਰਫ਼ ਇੱਕ ਕੋਵਿਡ ਪਾਜ਼ੇਟਿਵ ਕੇਸ ਮਿਲਿਆ ਹੈ ਜੋ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਇੰਜ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 48949 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ ਠੀਕ ਹੋਣ ਵਾਲੇ ਕੋਵਿਡ ਮਰੀਜ਼ਾਂ ਦੀ ਗਿਣਤੀ 47582 ਹੈ। ਜ਼ਿਲ੍ਹੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 10 ਹੈ ਅਤੇ ਅੱਜ ਕਿਸੇ ਵੀ ਕੋਵਿਡ ਮਰੀਜ਼ ਦੀ ਮੌਤ ਨਾ ਹੋਣ ਕਾਰਨ ਗਿਣਤੀ 1359 ਹੋ ਗਈ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 8 ਹੈ।