ਅਸ਼ਵਨੀ ਗਰਗ
ਸਮਾਣਾ, 6 ਸਤੰਬਰ
ਪੰਜਾਬ ਦੇ ਏਡਿਡ ਕਾਲਜਾਂ ਦੀ ਨਾਨ-ਟੀਚਿੰਗ ਸਟਾਫ਼ ਯੂਨੀਅਨ ਦੇ ਸੱਦੇ ’ਤੇ ਪਬਲਿਕ ਕਾਲਜ ਸਮਾਣਾ ਦੇ ਨਾਨ -ਟੀਚਿੰਗ ਸਟਾਫ਼ ਵੱਲੋਂ ਪੰਜਾਬ ਸਰਕਾਰ ਖਿਲਾਫ਼ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨਿਟ ਸਮਾਣਾ ਪ੍ਰਧਾਨ ਅਮਰੀਕ ਸਿੰਘ ਰਾਜਲਾ ਨੇ ਕਿਹਾ ਕਿ ਕਾਲਜਾਂ ਦਾ ਵਫ਼ਦ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾਉਣ ਲਈ ਕਈ ਵਾਰ ਪੰਜਾਬ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਚੁੱਕਾ ਹੈ, ਪਰ ਅਫ਼ਸੋਸ ਕਿ ਸਿਵਾਏ ਲਾਰਿਆਂ ਦੇ ਸਰਕਾਰਾਂ ਨੇ ਅਜੇ ਤੱਕ ਕੁਝ ਨਹੀਂ ਦਿੱਤਾ। ਯੂਨਿਟ ਦੀ ਸਕੱਤਰ ਮੈਡਮ ਡਿੰਪਲ ਗੁਪਤਾ ਨੇ ਕਿਹਾ ਕਿ ਉਨ੍ਹਾਂ ਸਰਕਾਰ ਨਾਲ ਹਮੇਸ਼ਾਂ ਸ਼ਾਂਤਮਈ ਢੰਗ ਨਾਲ ਗੱਲਬਾਤ ਕੀਤੀ, ਪਰ ਸਰਕਾਰ ਦੇ ਢਿੱਲੇ ਅਤੇ ਡੰਗ-ਟਪਾਊ ਰਵੱਈਏ ਕਾਰਨ ਹੁਣ 12 ਸਤੰਬਰ ਅਤੇ 17 ਸਤੰਬਰ ਨੂੰ ਇੱਕ-ਇੱਕ ਦਿਨ ਦੀ ਸੰਕੇਤਕ ਹੜਤਾਲ ਕੀਤੀ ਕੀਤੀ ਜਾਵੇਗੀ, ਪਰ ਜੇ ਸਰਕਾਰ ਆਪਣੇ ਰਵੱਈਏ ਤੋਂ ਟੱਸ ਤੋਂ ਮੱਸ ਨਾ ਹੋਈ ਤਾਂ ਮਜਬੂਰਨ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਾ ਪਵੇਗਾ।
ਇਸ ਮੌਕੇ ਦਫ਼ਤਰ ਸੁਪਰਡੈਂਟ ਸੁਭਾਸ਼ ਸਚਦੇਵਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਾਲਜਾਂ ਵਿਚ ਕੰਮ ਕਰਦੇ ਨਾਨ-ਟੀਚਿੰਗ ਸਟਾਫ਼ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੀਆਂ ਜਾਣ। ਅਨ-ਏਡਿਡ ਕਰਮਚਾਰੀਆਂ ਦੇ ਪ੍ਰਧਾਨ ਸੁੱਚਾ ਸਿੰਘ ਨੇ ਵੀ ਸਰਕਾਰ ਦੀ ਨਿਖੇਧੀ ਕਰਦਿਆਂ ਆਖਿਆ ਕਿ ਉਹ ਕਾਲਜਾਂ ਦੇ ਗਰੀਬ ਵਰਗ ਦੀਆਂ ਜਾਇਜ਼ ਮੰਗਾਂ ਲਾਗੂ ਕਰਨ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਖੇਚਲ ਕਰੇ। ਧਰਨੇ ਨੂੰ ਹਰਵਿੰਦਰ ਸਿੰਘ ਸੈਣੀ, ਗੁਰਮੀਤ ਸਿੰਘ, ਰਜਿੰਦਰ ਸ਼ਰਮਾ, ਜਸਬੀਰ ਸਿੰਘ, ਰਾਹੁਲ ਕੌਸ਼ਿਕ, ਮੈਡਮ ਰਿੰਪੀ ਵਰਮਾ ਅਤੇ ਲੱਖਾ ਸਿੰਘ ਨੇ ਸੰਬੋਧਨ ਕੀਤਾ।
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਖ਼ਾਲਸਾ ਕਾਲਜ ਦੇ ਨਾਨ-ਟੀਚਿੰਗ ਸਟਾਫ਼ ਨੇ ਯੂਨਿਟ ਪ੍ਰਧਾਨ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠਾਂ ਅੱਜ ਹੜਤਾਲ ਕਰ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਯੂਨਿਟ ਦੇ ਸਕੱਤਰ ਹਰਮਿੰਦਰ ਸਿੰਘ ਨੇ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਰਵੱਈਆ ਨਾ ਬਦਲਿਆ ਤਾਂ ਉਹ ਮਜਬੂਰਨ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਜਾਣਗੇ।
ਦਫ਼ਤਰ ਸੁਪਰਡੈਂਟ ਰਵਿੰਦਰਜੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪਾਸੋਂ ਕਾਫੀ ਉਮੀਦਾਂ ਸਨ, ਪ੍ਰੰਤੂ ਇਹ ਇਹ ਸਰਕਾਰ ਵੀ ਕਰਮਚਾਰੀਆਂ ਪ੍ਰਤੀ ਤੰਗ ਸੋਚ ਅਪਨਾ ਕੇ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ’ਤੇ ਹੀ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਾਲਜਾਂ ਵਿੱਚ ਕੰਮ ਕਰਦੇ ਨਾਨ-ਟੀਚਿੰਗ ਸਟਾਫ਼ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।