ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 20 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਗੁਰਦੁਆਰਿਆਂ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਅਜਿਹੇ ਹੀ ਧਾਰਮਿਕ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਘੜਾਮ ਅਤੇ ਗੁਰਦੁਆਰਾ ਮਗਰ ਸਾਹਿਬ ਵਿਖੇ ਅੱਜ ਕਰਵਾਏ ਗਏ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਸਨ।
ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨਨਕਾਣਾ ਸਾਹਿਬ ਦੇ ਸ਼ਹੀਦਾਂ ਕਾਰਨ ਅੱਜ ਅਸੀਂ ਸਿੱਖੀ ਦਾ ਆਨੰਦ ਮਾਣ ਰਹੇ ਹਾਂ। ਜੇ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਦੀ ਆਜ਼ਾਦੀ ਲਈ ਸਿੱਖ ਅੰਗਰੇਜ਼ਾਂ ਨਾਲ ਨਾ ਲੜਦੇ ਅਤੇ ਨਾ ਹੀ ਸ਼ਹੀਦੀਆਂ ਦਿੰਦੇ ਤਾਂ ਅੱਜ ਅਸੀਂ ਸਿੱਖੀ ਤੋਂ ਵਾਂਝੇ ਹੋਣਾ ਸੀ। ਇਸ ਲਈ ਸ਼ਹੀਦਾਂ ਦੇ ਇਤਿਹਾਸ ਨੂੰ ਜਿਨ੍ਹਾਂ ਵੀ ਯਾਦ ਕੀਤਾ ਜਾਵੇ ਥੋੜ੍ਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ, ‘‘ਸਾਨੂੰ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਕੇ ਅਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦੀ ਪੜ੍ਹਾਈ ਕਰਵਾ ਕੇ ਪੁਰਾਣੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ।’’ ਉਨ੍ਹਾਂ ਧਾਰਮਿਕ ਆਗੂਆਂ, ਕਥਾ ਕੀਰਤਨੀਆਂ, ਰਾਗੀ ਢਾਡੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨਵੀਂ ਪੀੜ੍ਹੀ ਨੂੰ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂੰ ਕਰਵਾਉਣ। ਭਾਈ ਹਰਕੀਰਤ ਸਿੰਘ ਅਤੇ ਭਾਈ ਅਵਤਾਰ ਸਿੰਘ ਬੋਲੋਪੁਰ ਆਦਿ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ।