ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੂਨ
ਪਟਿਆਲਾ ਦੇ ਪਹਿਲੇ ਜ਼ਿਲ੍ਹਾ ਪੁਲੀਸ ਮੁਖੀ ਵਿਕਰਮਜੀਤ ਦੁੱਗਲ ਦੇ ਡੀਆਈਜੀ ਬਣਨ ਮਗਰੋਂ ਇਥੇ ਨਵੇਂ ਆਏ ਐੱਸਐੱਸਪੀ ਡਾਕਟਰ ਸੰਦੀਪ ਗਰਗ ਪਹਿਲੀ ਵਾਰ ਇਥੋਂ ਦੇ ਮੀਡੀਆ ਨੁਮਾਇੰਦਿਆਂ ਦੇ ਰੂਬਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਜਿਥੇ ਅਪਰਾਧੀ ਬਿਰਤੀ ਵਾਲਿਆਂ, ਖਾਸ ਕਰਕੇ ਨਸ਼ਾ ਤਸਕਰੀ ’ਚ ਲਿਪਟੇ ਅਨਸਰਾਂ ਨੂੰ ਬਾਜ਼ ਆਉਣ ਲਈ ਆਖਿਆ, ਉਥੇ ਹੀ ਉਨ੍ਹਾਂ ਨੇ ਪੁਲੀਸ ਵੱਲੋਂ ਚਲਾਈ ਜਾਣ ਵਾਲੀ ਹਰੇਕ ਮੁਹਿੰਮ ਲਈ ਮੀਡੀਆ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਕੋਈ ਵੀ ਮੁਹਿੰਮ ਲੋਕਾਂ ਦੇ ਸਹਿਯੋਗ ਬਿਨਾ ਸਫਲ ਨਹੀਂ ਹੋ ਸਕਦੀ, ਜਿਸ ਕਰਕੇ ਉਹ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕਰਦੇ ਹਨ। ਇਸ ਦੌਰਾਨ ਹੀ ਉਨ੍ਹਾਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਸਮੇਤ ਪੁਲੀਸ ਅਤੇ ਸਿਹਤ ਵਿਭਾਗ ਸਮੇਤ ਹੋਰ ਸਾਰੇ ਸਬੰਧਤ ਵਿਭਾਗਾਂ ਨੂੰ ਸਹਿਯੋਗ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸਮੂਹ ਥਾਣਿਆਂ ’ਚ ਪੁਲੀਸ ਪਬਲਿਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਦੇ ਉਲੀਕੇ ਜਾ ਰਹੇ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ। ਇਸ ਮੌਕੇ ਡੀਐੱਸਪੀ (ਐਚ) ਗੁਰਦੇਵ ਸਿੰਘ ਧਾਲੀਵਾਲ ਸਮੇਤ ਡੀਪੀਆਰਓ ਰਵੀਇੰਦਰ ਮੱਕੜ ਅਤੇ ਏਪੀਆਰਓਜ ਹਰਦੀਪ ਸਿੰਘ ਅਤੇ ਜਸਤਰਨ ਗਰੇਵਾਲ ਵੀ ਮੌਜੂਦ ਸਨ।