ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਗਸਤ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 316ਵਾਂ ਸੰਪੂਰਨਤਾ ਦਿਵਸ ਸੰਗਤਾਂ ਵੱਲੋਂ ਗੁਰੂ ਘਰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਪਾਏ ਅਤੇ ਹਜ਼ੂਰੀ ਕੀਰਤਨੀ ਭਾਈ ਹਰਕਿਰਤ ਸਿੰਘ ਦੀ ਰਾਗੀ ਜਥੇ ਨੇ ਗੁਰਬਾਣੀ ਸਰਵਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਧਾਰਮਿਕ ਸਮਾਗਮ ਦੌਰਾਨ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਸੰਪੂਰਨਤਾ ਦਿਵਸ ਦੀ ਵਧਾਈ ਵੀ ਦਿੱਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਮੁਗਲ ਕਾਲ ਦੌਰਾਨ ਮੁਗਲਾਂ ਨਾਲ ਲੰਬੀ ਜੱਦੋ-ਜਹਿਦ ਕਰਨ ਤੋਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਵਾਈ ਸੀ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਕੇ ਬਾਣੀ ਦੀ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਨੇ ਨਿਭਾਈ ਅਤੇ ਗੁਰੂ ਸਾਹਿਬ ਨੇ ਹਜ਼ੂਰ ਸਾਹਿਬ ਨੰਦੇੜ ਵਿਖੇ ਜੋਤੀ ਜੋਤਿ ਸਮਾਉਣ ਸਮੇਂ ਸਿੱਖ ਕੌਮ ਅਤੇ ਸਮੁੱਚੀ ਮਾਨਵਤਾ ਨੂੰ ਇਸ ਪਾਵਨ ਗ੍ਰੰਥ ਦੇ ਲੜ ਲਾਇਆ ਜਿਸ ਦੌਰਾਨ ਉਪਦੇਸ਼ ਕੀਤਾ ਸਰਬ ਸਾਂਝੇ ਅਤੇ ਕਲਿਆਣਕਾਰੀ ਉਪਦੇਸ਼ਾਂ ਲਈ ਸ਼ਬਦ ਗੁਰੂ ਦਾ ਆਸਰਾ ਪ੍ਰਾਪਤ ਕੀਤਾ ਜਾਵੇ। ਇਹ ਪਾਵਨ ਗ੍ਰੰਥ ਪੂਰੀ ਦੁਨੀਆ ਦਾ ਵਿਲੱਖਣ ਅਤੇ ਮਹਾਨ ਗ੍ਰੰਥ ਹੈ, ਜੋ ਸਾਰਿਆਂ ਨੂੰ ਅਧਿਆਤਮਕ ਅਤੇ ਸਿਧਾਂਤਕ ਤੌਰ ’ਤੇ ਅਗਵਾਈ ਪ੍ਰਵਾਨ ਕਰਦਾ ਹੈ। ਅੱਜ ਲੋੜ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਅਤੇ ਸਿਧਾਂਤ ਨਾਲ ਜੁੜੀਏ।
ਸਮਾਗਮ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਅੰਤ੍ਰਿੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਹਲਕਾ ਇੰਚਾਰਜ ਹਰਪਾਲ ਜੁਨੇਜਾ, ਪੀਏਸੀ ਮੈਂਬਰ ਲਖਵੀਰ ਲੌਟ, ਸ਼ਿਵੰਦਰ ਸੱਭਰਵਾਲ, ਗੁਰਦੀਪ ਸ਼ੇਖੂਪੂਰਾ, ਅਵਤਾਰ ਹੈਪੀ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਮਨੀ ਭੰਗੂ, ਹਰਬਖਸ਼ ਚਹਿਲ, ਮਨਪ੍ਰੀਤ ਚੱਢਾ, ਮੈਨੇਜਰ ਕਰਨੈਲ ਸਿੰਘ ਨਾਭਾ ਤੇ ਐਡੀਸ਼ਨਲ ਕਰਨੈਲ ਸਿੰੰਘ ਆਦਿ ਵੀ ਮੌਜੂਦ ਸਨ।