ਪੱਤਰ ਪ੍ਰੇਰਕ
ਸਮਾਣਾ, 14 ਮਾਰਚ
ਕੁਤਬਨਪੁਰ ਰੋਡ ’ਤੇ ਪਿੰਡ ਮੁਰਾਦਪੁਰਾ ਨੇੜੇ ਸੋਮਵਾਰ ਦੁਪਹਿਰ ਸਮੇਂ ਭੇਤਭਰੀ ਹਾਲਤ ਵਿੱਚ ਨੌਜਵਾਨ ਦੀ ਮੌਤ ਹੋ ਗਈ। ਸੜਕ ’ਤੇ ਬੇਹੋਸ਼ੀ ਦੀ ਹਾਲਤ ਵਿੱਚ ਡਿੱਗੇ ਪਏ ਨੌਜਵਾਨ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (24) ਨਿਵਾਸੀ ਪਿੰਡ ਨਦਾਮਪੁਰ (ਸੰਗਰੂਰ) ਵਜੋਂ ਹੋਈ।
ਥਾਣਾ ਸਿਟੀ ਮੁਖੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੀ ਮਾਤਾ ਸਤਵੀਰ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਮ੍ਰਿਤਕ ਖੇਤੀ ਦਾ ਕੰਮ ਕਰਦਾ ਸੀ। ਉਸ ਦੇ ਸਿਰ ’ਤੇ ਲੱਖਾਂ ਰੁਪਏ ਦਾ ਕਰਜ਼ਾ ਹੋਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਉਹ ਸੋਮਵਾਰ ਸਵੇਰੇ ਕਿਸੇ ਘਰੇਲੂ ਕੰਮ ਲਈ ਸਮਾਣਾ ਆ ਰਿਹਾ ਸੀ ਕਿ ਕਥਿਤ ਦੌਰਾ ਪੈਣ ਕਾਰਨ ਉਹ ਰਸਤੇ ਵਿੱਚ ਹੀ ਡਿੱਗ ਪਿਆ।