ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਅਪਰੈਲ
ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੇ ਸੜਕਾਂ ਬਣਾਉਣ ਵਾਲੇ ਠੇਕੇਦਾਰ ਵੱਲੋਂ ਕੀਤੇ ਜਾ ਰਹੇ ਕੰਮ ਦਾ ਮੌਕੇ ’ਤੇ ਜਾਇਜ਼ਾ ਲਿਆ। ਕੰਮ ਵਿੱਚ ਪਾਈ ਗਈ ਊਣਤਾਈ ਦਾ ਨੋਟਿਸ ਲੈਂਦਿਆਂ ਡਾ. ਬਲਬੀਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਲੋਕਾਂ ਦੇ ਹਿਤ ਵਿੱਚ ਬਣਾਈ ਜਾ ਰਹੀ ਸੜਕ ਦਾ ਕੰਮ ਸਰਕਾਰ ਵੱਲੋਂ ਤੈਅ ਕੀਤੇ ਗਏ ਨਿਯਮਾਂ ਅਨੁਸਾਰ ਕੀਤਾ ਜਾਵੇ। ਅਸਲ ਵਿੱਚ ਨਾਭਾ ਰੋਡ ਤੋਂ ਗੁਰਦੁਆਰਾ ਸ੍ਰੀ ਰੋਹਟਾ ਸਾਹਿਬ ਦੀ ਲਿੰਕ ਰੋਡ ਦਾ ਕੰਮ ਚੱਲ ਰਿਹਾ ਹੈ। ਪਿੰਡ ਵਾਲਿਆਂ ਵੱਲੋਂ ਆਪਣੇ ਵਿਧਾਇਕ ਡਾ. ਬਲਬੀਰ ਸਿੰਘ ਕੋਲ ਸ਼ਿਕਾਇਤ ਕੀਤੀ ਕਿ ਸੜਕ ਠੀਕ ਤਰ੍ਹਾਂ ਨਹੀਂ ਬਣਾਈ ਜਾ ਰਹੀ। ਵਿਧਾਇਕ ਨੇ ਮੌਕੇ ’ਤੇ ਛਾਪਾ ਮਾਰਿਆ ਅਤੇ ਸੜਕ ਪੁਟਵਾ ਕੇ ਸਾਰੀਆਂ ਪਰਤਾਂ ਦੀ ਜਾਂਚ ਕੀਤੀ ਜਿਸ ਵਿੱਚ ਕੁਝ ਊਣਤਾਈਆਂ ਪਾਈਆਂ ਗਈਆਂ। ਵਿਧਾਇਕ ਨੇ ਮੌਕੇ ’ਤੇ ਹੀ ਕਮੀਆਂ ਪੂਰੀਆਂ ਕਰਨ ਦੇ ਹੁਕਮ ਜਾਰੀ ਕੀਤੇ। ਇਸ ਸੜਕ ਸਮੇਤ ਬਾਕੀ ਸਾਰੇ ਵਿਕਾਸ ਕਾਰਜਾਂ ਨਾਲ ਸਬੰਧਤ ਠੇਕੇਦਾਰਾਂ ਅਤੇ ਅਫ਼ਸਰਾਂ ਨੂੰ ਸਖ਼ਤ ਹਦਾਇਤ ਹੈ ਕਿ ਲੋਕ ਹਿਤ ਦੇ ਕੰਮਾਂ ਵਿੱਚ ਕਮੀ-ਪੇਸ਼ੀ ਜਾਂ ਹੇਰ-ਫੇਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।