ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਜੂਨ
ਪਿੰਡ ਬਾਰਨ ਵਿਚ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੇ ਇਤਿਹਾਸਕ ਗੁਰਦੁਆਰੇ ਨੇੜਿਓਂ ਛੱਪੜ ਵਿਚੋਂ ਪੁੱਟੀ ਜਾ ਰਹੀ ਮਿੱਟੀ ਕਰਕੇ ਖੜ੍ਹੇ ਹੋਏ ਵਿਵਾਦ ਨੂੰ ਠੰਢਾ ਕਰਨ ਲਈ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਮੌਕੇ ’ਤੇ ਪੁੱਜੇ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਪੰਚ ਵਿਚ ਹੋਈ ਤਲਖ਼ੀ ਦਾ ਨਬਿੇੜਾ ਕਰਕੇ ਗੁਰਦੁਆਰੇ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾਉਣ ਦੇਣ ਦਾ ਵਾਅਦਾ ਦੋਵਾਂ ਧਿਰਾਂ ਵੱਲੋਂ ਲਿਆ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਰੌਸ਼ਨ ਸਿੰਘ ਤੇ ਖ਼ਜ਼ਾਨਚੀ ਕਰਮ ਸਿੰਘ ਨੇ ਡਾ. ਬਲਬੀਰ ਸਿੰਘ ਨੂੰ ਦੱਸਿਆ ਕਿ ਗੁਰਦੁਆਰੇ ਸਾਹਿਬ ਦੇ ਅੱਗੇ ਪਹਿਲਾਂ ਸਰਪੰਚ ਨੇ ਕਾਂਗਰਸੀ ਮੰਤਰੀ ਨਾਲ ਮਿਲ ਕੇ ਸੀਚੇਵਾਲ ਮਾਡਲ ਤਹਿਤ ਖੂਹ ਪੁਟਵਾ ਦਿੱਤੇ ਜਿਸ ਕਰਕੇ ਗੁਰੂ ਘਰ ਵਿਚ ਆਉਂਦੀਆਂ ਸੰਗਤਾਂ ਨੂੰ ਸੜ੍ਹਾਂਦ ਮਾਰਦੀ ਹੈ, ਹੁਣ ਸਰਪੰਚ ਨੇ ਗੁਰੂ ਘਰ ਦੇ ਨਾਲ ਲੱਗਦੇ ਛੱਪੜ ਨੂੰ ਨਾਜਾਇਜ਼ ਪੁਟਵਾਉਣਾ ਸ਼ੁਰੂ ਕੀਤਾ ਤਾਂ ਗੁਰੂ ਘਰ ਦੀਆਂ ਕੰਧਾਂ ਡਿੱਗਣ ਦਾ ਖ਼ਤਰਾ ਬਣ ਗਿਆ। ਉੱਧਰ ਸਰਪੰਚ ਨੇ ਡਾ. ਬਲਬੀਰ ਸਿੰਘ ਨੂੰ ਕਿਹਾ ਕਿ ਛੱਪੜ ਵਿਚੋਂ ਮਿੱਟੀ ਕੱਢ ਕੇ ਇਸ ਨੂੰ ਪੱਕਾ ਕਰਨਾ ਚਾਹੁੰਦੇ ਹਾਂ, ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ। ਦੋਵਾਂ ਧਿਰਾਂ ਦੀ ਗੱਲ ਸੁਣ ਕੇ ਵਿਧਾਇਕ ਨੇ ਫ਼ੈਸਲਾ ਕੀਤਾ ਕਿ ਗੁਰੂ ਘਰ ਨਾਲ ਲੱਗਦੇ ਛੱਪੜ ਵਿਚੋਂ ਪੁੱਟੀ ਜਾ ਰਹੀ ਮਿੱਟੀ ਕਾਰਨ ਗੁਰੂ ਘਰ ਨੂੰ ਕੋਈ ਨੁਕਸਾਨ ਨਾ ਪੁੱਜੇ ਇਸ ਕਰਕੇ ਇੱਥੇ ਇਕ ਮਜ਼ਬੂਤ ਕੰਧ ਬਣਾਈ ਜਾਵੇ। ਇਸ ਤੋਂ ਇਲਾਵਾ ਜੋ ਸੀਚੇਵਾਲ ਮਾਡਲ ਤਹਿਤ ਗੁਰੂ ਘਰ ਦੇ ਸਾਹਮਣੇ ਖੂਹ ਪੁੱਟੇ ਹਨ ਉੱਥੋਂ ਗੰਦਗੀ ਦੀ ਸੜ੍ਹਾਂਦ ਮਾਰਦੀ ਹੈ ਉਹ ਵੀ ਸਾਫ਼ ਕਰਾਈ ਜਾਵੇ। ਇਸ ’ਤੇ ਦੋਵਾਂ ਧਿਰਾਂ ਦੀ ਸਹਿਮਤੀ ਬਣ ਗਈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਰਕਾਰਾਂ ਵੱਲੋਂ ਬੇਤਰਤੀਬੇ ਕੰਮ ਕਰਵਾਏ ਹੋਏ ਹਨ, ਜਿਸ ਕਰਕੇ ਆਮ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਇਸ ਇਤਿਹਾਸਕ ਸਥਾਨ ਦਾ ਸੁੰਦਰੀਕਰਨ ਕਰਨ ਲਈ ਅਸੀਂ ਵਚਨਬੱਧ ਹਾਂ। ਇਸ ਦਾ ਕੋਈ ਨੁਕਸਾਨ ਨਹੀਂ ਹੋਵੇਗਾ।