ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਨਵੰਬਰ
ਕਾਂਗਰਸ ਦੀ ਫੁੱਟ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਨਾਲ਼ ਖੜ੍ਹਨ ਕਰਕੇ ਅਹੁਦੇ ਤੋਂ ਹਟਾਏ ਜਾਣ ਦੀ ਮੁਹਿੰਮ ਝੱਲ ਰਹੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੇ ਵੀ ਆਖਰ ਚੁੱਪ ਤੋੜੀ ਹੈ। ਆਪਣੇ ਵਿਰੁੱਧ ਜਾਰੀ ਮੁਹਿੰਮ ਦਾ ਠੀਕਰਾ ਮੇਅਰ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੇ ਸਿਰ ਭੰਨਿਆ ਹੈ।
ਬਿੱਟੂ ਦਾ ਕਹਿਣਾ ਹੈ ਕਿ ਉਸ ਨੂੰ ਹਟਾਏ ਜਾਣ ਨਾਲ਼ ਨਾ ਤਾਂ ਸ਼ਹਿਰ ਦੇ ਵਿਕਾਸ ਤੇ ਸੁਧਾਰ ਕਾਰਜ ਤੇਜ਼ ਜਾਂ ਹੌਲੀ ਹੋਣੇ ਹਨ ਅਤੇ ਨਾ ਹੀ ਇਸ ਦਾ ਜਨਤਾ ਨੂੰ ਕੋਈ ਲਾਭ ਹੋਣਾ ਹੈ। ਹੁਣ ਤੱਕ ਚੁੱਪੀ ਧਾਰੀ ਬੈਠੇ ਰਹੇ ਬਿੱਟੂ ਨੇ ਸਿੱਧੇ ਦੋਸ਼ ਲਾਉਂਦਿਆਂ ਆਖਿਆ ਕਿ ਮੰਤਰੀ ਵੱਲੋਂ ਪੁੱਤ ਮੋਹ ’ਚ ਲਬਰੇਜ਼ ਹੋਣ ਕਾਰਨ ਹੀ ਉਸ ਖਿਲਾਫ਼ ਇਹ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਇੱਥੋਂ ਦੇ ਸ਼ਾਹੀ ਘਰਾਣੇ ਦੇ ਖਾਸਮ ਖਾਸ ਸੰਜੀਵ ਬਿੱਟੂ ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਤਹਿਤ 2017 ’ਚ ਪਟਿਆਲਾ ਦੇ ਪੰਜਵੇਂ ਮੇਅਰ ਬਣੇ ਸਨ। ਪਟਿਆਲਾ ਦੇ 60 ਵਿਚੋਂ 59 ਕੌਂਸਲਰ ਕਾਂਗਰਸੀ ਅਤੇ ਸਿਰਫ਼ ਇੱਕ ਅਕਾਲੀ ਹੈ ਪਰ ਕੈਪਟਨ ਦੇ ਅਸਤੀਫ਼ੇ ਮਗਰੋਂ ਬਿੱਟੂ ਕੈਪਟਨ ਖੇਮੇ ਨਾਲ਼ ਹੀ ਖੜ੍ਹੇ ਹਨ। ਇਸ ਕਰਕੇ ਕੈਪਟਨ ਵਿਰੋਧੀ ਖੇਮੇ ਵੱਲੋਂ ਉਸ ਨੂੰ ਹਟਾਉਣ ਲਈ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਹੈ। ਮੇਅਰ ਨੂੰ ਹਟਾਏ ਜਾਣ ਸਬੰਧੀ ਕਾਰਵਾਈ ਦੀ ਪੁਣਛਾਣ ਕਰਨ ਵਾਲੇ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਹਨ ਜਿਨ੍ਹਾਂ ਨਾਲ ਮੇਅਰ ਦੇ ਪਹਿਲਾਂ ਤੋਂ ਹੀ ਸਬੰਧ ਠੀਕ ਨਹੀਂ ਹਨ। ਇਸ ਦਾ ਮੁੱਖ ਕਾਰਨ ਬ੍ਰਹਮ ਮਹਿੰਦਰਾ ਦੇ ਹਲਕੇ ਪਟਿਆਲਾ ਦਿਹਾਤੀ ’ਤੇ ਮੇਅਰ ਵੱਲੋਂ ਅੱਖ ਰੱਖੀ ਹੋਣਾ ਮੰਨਿਆ ਜਾ ਰਿਹਾ ਹੈ।
ਹੁਣ ਤੱਕ ਦੀ ਕਾਰਵਾਈ ਦੌਰਾਨ 60 ਵਿੱਚੋਂ 39 ਕੌਂਸਲਰ ਮੇਅਰ ਨੂੰ ਬਹੁਮੱਤ ਸਾਬਤ ਕਰਨ ਲਈ ਬਾਕਾਇਦਾ ਨੋਟਿਸ ਜਾਰੀ ਕਰ ਚੁੱਕੇ ਹਨ। ਇਸ ਮਗਰੋਂ ਵੀ ਦੋਵੇਂ ਪਾਸੇ ਸਰਗਰਮੀਆਂ ਦਾ ਦੌਰ ਜਾਰੀ ਹੈ। ਆਪਣੇ ਵਿਰੁੱਧ ਜਾਰੀ ਸਰਗਰਮੀਆਂ ਬਾਰੇ ਮੇਅਰ ਤਰਕ ਦਿੰਦੇ ਹਨ ਕਿ ਮੰਤਰੀ ਮਹਿੰਦਰਾ ਐਤਕੀਂ ਆਪਣੀ ਥਾਂ ਆਪਣੇ ਪੁੱਤ ਮੋਹਿਤ ਮਹਿੰਦਰਾ ਨੂੰ ਕਾਂਗਰਸ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਨਾ ਲੋਚਦੇ ਹਨ। ਮੇਅਰ ਨੇ ਭਾਵੇਂ ਅਜੇ ਪੂਰੇ ਪੱਤੇ ਤਾਂ ਨਹੀਂ ਖੋਲ੍ਹੇ ਪਰ ਆਗਾਮੀ ਚੋਣਾਂ ਦੌਰਾਨ ਪਟਿਆਲਾ ਦਿਹਾਤੀ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਹੋਣ ਵੱਲ ਇਸ਼ਾਰਾ ਕਰਦਿਆਂ, ਕਿਹਾ ਕਿ ਇਸੇ ਕਰਕੇ ਹੀ ਉਸ ਨੂੰ ਮੇਅਰ ਪਦ ਤੋਂ ਹਟਾਉਣ ਲਈ ਮੁਹਿੰਮ ਦੀ ਅਗਵਾਈ ਮੰਤਰੀ ਵੱਲੋਂ ਕੀਤੀ ਜਾ ਰਹੀ ਹੈ। ਮੇਅਰ ਦਾ ਕਹਿਣਾ ਸੀ ਕਿ ਇਸ ਮੁਹਿੰਮ ਦੌਰਾਨ ਉਹ ਜ਼ੋਰ-ਸ਼ੋਰ ਨਾਲ਼ ਲੜਨਗੇ। ਉਨ੍ਹਾਂ ਨੇ ਲੋੜ ਪੈਣ ’ਤੇ ਅਦਾਲਤ ਦਾ ਸਹਾਰਾ ਲੈਣ ਦੇ ਸੰਕੇਤ ਵੀ ਦਿੱਤੇ।
ਦੂਜੇ ਬੰਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਆਖਦੇ ਹਨ ਕਿ ਚੋਣ ਕਿਸ ਨੇ ਲੜਨੀ ਹੈ ਇਹ ਸਭ ਪਾਰਟੀ ਨੇ ਤੈਅ ਕਰਨਾ ਹੁੰਦਾ ਹੈ। ਆਪਣਾ ਪੱਖ ਮਜ਼ਬੂਤ ਕਰਨ ਦੇ ਮਨੋਰਥ ਨਾਲ਼ ਐਵੇਂ ਕਿਸੇ ਗੱਲ ਨੂੰ ਤੂਲ ਦੇਣਾ ਵਾਜਬ ਕਾਰਵਾਈ ਨਹੀਂ ਮੰਨੀ ਜਾਂਦੀ। ਮੇਅਰ ਵਿਰੁੱਧ ਕਾਰਵਾਈ ਬਾਰੇ ਮੰਤਰੀ ਦਾ ਤਰਕ ਸੀ ਕਿ ਇਹ ਸਭ ਕੌਂਸਲਰਾਂ ’ਤੇ ਆਧਾਰਤ ਹੈ ਤੇ ਹਰ ਕਾਰਵਾਈ ਨਿਰਧਾਰਤ ਨਿਯਮਾਂ ਤਹਿਤ ਕੀਤੀ ਜਾਵੇਗੀ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵਧੀਕੀ ਦੀ ਉਨ੍ਹਾਂ ਨੇ ਕੋਈ ਗੂੰਜਾਇਸ਼ ਨਾ ਹੋਣ ਦੀ ਗੱਲ ਵੀ ਆਖੀ।
ਮੇਅਰ ਨੂੰ ਹਟਾਉਣ ਲਈ ਕੌਂਸਲਰਾਂ ਵੱਲੋਂ ਮੀਟਿੰਗ
ਮੇਅਰ ਨੂੰ ਹਟਾਉਣ ਲਈ ਜਾਰੀ ਸਰਗਰਮੀਆਂ ਦੀ ਕੜੀ ਵਜੋਂ ਅਮਰਿੰਦਰ ਸਿੰਘ ਦੇ ਹਲਕੇ ਵਿਚਲੇ 32 ਵਿੱਚੋਂ ਕਈ ਕੌਂਸਲਰਾਂ ਨੇ ਅੱਜ ਦੇਰ ਸ਼ਾਮ ਮੀਟਿੰਗ ਕੀਤੀ। ਇਸ ਦੌਰਾਨ ਮੇਅਰ ਨੂੰ ਲਾਂਭੇ ਕਰਨ ਲਈ ਮੁਹਿੰਮ ਹੋਰ ਤੇਜ਼ ਕਰਨ ’ਤੇ ਜ਼ੋਰ ਦਿੱਤਾ ਗਿਆ ਅਤੇ ਮੇਅਰ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਪ੍ਰਤੀ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਵੀ ਲਿਆ ਗਿਆ। ਮੀਟਿੰਗ ’ਚ ਹਰਵਿੰਦਰ ਨਿੱਪੀ, ਯੋਗਿੰਦਰ ਯੋਗੀ, ਨਰੇਸ਼ ਦੁੱਗਲ, ਕ੍ਰਿਸ਼ਨ ਚੰਦ ਬੁੱਧੂ, ਰਾਜੇਸ਼ ਮੰਡਲੇ, ਪ੍ਰਨੀਤ ਕੌਰ, ਅਮਰਬੀਰ ਕੌਰ ਬੇਦੀ, ਬਿੱਲੂ ਬੇਦੀ, ਨਿਰੰਜਨ ਦਾਸ, ਸੁਖਵਿੰਦਰ ਸੋਨੂੰ, ਸ਼ੰਮੀ ਕੁਮਾਰ, ਰਾਜੇਸ਼ ਮੰਡੌਰਾ, ਸੁਨੀਤਾ ਗੁਪਤਾ, ਰਾਕੇਸ਼ ਗੁਪਤਾ, ਹਰੀਸ਼ ਅਗਰਵਾਲ, ਰਾਜੇਸ਼ ਲੱਕੀ, ਹੈਪੀ ਵਰਮਾ, ਗੋਪਾਲ ਸਿੰਗਲਾ, ਮੀਨਾਕਸ਼ੀ ਸਿੰਗਲਾ, ਬਲਜਿੰਦਰ ਸਿੰਘ ਆਦਿ ਆਗੂ ਤੇ ਕੌਂਸਲਰ ਸ਼ਾਮਲ ਰਹੇ। ਇਨ੍ਹਾਂ ਦਾ ਕਹਿਣਾ ਸੀ ਕਿ ਹੁਣ ਜਦੋਂ ਬਹੁਤੇ ਕੌਂਸਲਰਾਂ ਨੇ ਲਿਖਤੀ ਤੌਰ ’ਤੇ ਮੇਅਰ ’ਚ ਬੇਭਰੋਸਗੀ ਮਹਿਸੂੁਸ ਕੀਤੀ ਹੈ, ਤਾਂ ਮੇਅਰ ਨੂੰ ਇਖਲਾਕੀ ਤੌਰ ‘ਤੇ ਹੀ ਅਹੁਦ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਾਰਟੀ ਦੇ ਟਕਸਾਲੀ ਨੇਤਾ ਬ੍ਰਹਮ ਮਹਿੰਦਰਾ ਦੇ ਖਿਲਾਫ਼ ਬੇਤੁਕੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ।