ਖੇਤਰੀ ਪ੍ਰਤੀਨਿਧ
ਪਟਿਆਲਾ, 4 ਸਤੰਬਰ
ਇਥੇ ਸ਼ੀਸ਼ ਮਹਿਲ ਕਲੋਨੀ ’ਚ ਇੱਕ ਧਾਰਮਿਕ ਸਥਾਨ ਦੀ ਕਥਿਤ ਰੂਪ ’ਚ ਕੰਧ ਢਾਹੁਣ ਅਤੇ ਚਾਦਰ ਚੁੱਕ ਕੇ ਲਾਂਭੇ ਸੁੱਟਣ ਦੇ ਮਾਮਲੇ ਨੂੰ ਲੈ ਕੇ ਮੇਅਰ ਸੰਜੀਵ ਬਿੱਟੂ ਵਿਵਾਦ ’ਚ ਘਿਰ ਗਏ ਹਨ। ਭਾਵੇਂ ਕਿ ਮੇਅਰ ਵੱਲੋਂ ਕਿਸੇ ਵੀ ਧਾਰਮਿਕ ਅਸਥਾਨ ਦੀ ਬੇਅਦਬੀ ਕਰਨ ਦੇ ਦੋਸ਼ਾਂ ਨੂੰ ਮੁੱਢੋਂ ਹੀ ਨਕਾਰਿਆ ਜਾ ਰਿਹਾ ਹੈ। ਪਰ ਉਨ੍ਹਾਂ ਦੀ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਣ ਮਗਰੋਂ ਮਾਮਲਾ ਭਖ ਗਿਆ ਹੈ। ਜ਼ਿਕਰਯੋਗ ਹੈ ਕਿ ਮੇਅਰ ਸੰਜੀਵ ਬਿੱਟੂ ਵੱਲੋਂ ਇਥੇ ਸ਼ੀਸ਼ ਮਹਿਲ ਕਲੋਨੀ ਵਿੱਚ ਇੱਕ ਧਾਰਮਿਕ ਅਸਥਾਨ ਦੇ ਰੂਪ ’ਚ ਕੀਤੀ ਗਈ ਚਾਰਦੀਵਾਰੀ ਨੂੰ ਢਾਹੁਣ ਅਤੇ ਇਸ ਅਸਥਾਨ ’ਤੇ ਮੌਜੂਦ ਇੱਕ ਚਾਦਰ ਚੁੱਕਣ ਦੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਹੈ। ਭਾਵੇਂ ਕਿ ਮੇਅਰ ਦਾ ਤਰਕ ਹੈ ਕਿ ਉਹ ਤਾਂ ਸਿਰਫ਼ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਚਲਾ ਰਹੇ ਸਨ।
ਇਸੇ ਦੌਰਾਨ ਅਨਿਲ ਕਮਲ ਅਤੇ ਗੁਰਪ੍ਰੀਤ ਸਿੰਘ ਗੁਰੀ ਨਾਮ ਦੇ ਦੋ ਵਿਅਕਤੀਆਂ ਨੇ ਆਪਣੇ ਆਪ ਨੂੰ ਉਕਤ ਧਾਰਮਿਕ ਅਸਥਾਨ ਦੇ ਸੇਵਾਦਾਰ ਦੱਸਦਿਆਂ ਆਖਿਆ ਹੈ ਕਿ ਇਹ ਖਵਾਜਾ ਦਾ ਅਸਥਾਨ ਹੈ, ਜੋ ਕਈ ਸਾਲਾਂ ਮੌਜੂਦ ਹੈ। ਪਰ ਜਦੋਂ ਮੇਅਰ ਇਸ ਸੜਕ ਤੋਂ ਦੀ ਲੰਘ ਰਹੇ ਸਨ, ਤਾਂ ਉਹ ਆਪਣੀ ਕਾਰ ਸੜਕ ’ਤੇ ਖੜ੍ਹਾ ਕੇ ਇਸ ਧਾਰਮਿਕ ਸਥਾਨ ’ਤੇ ਆ ਗਏ ਅਤੇ ਉਨ੍ਹਾ ਨੇ ਇਸ ਅਸਥਾਨ ਦੀ ਨਾ ਸਿਰਫ਼ ਇਕ ਕੰਧ ਸੁੱਟ ਦਿੱਤੀ, ਸਗੋਂ ਧਾਰਮਿਕ ਸਥਾਨ ’ਤੇ ਲੱਗੀ ਚਾਦਰ ਵੀ ਚੁੱਕ ਕੇ ਸੁੱਟ ਦਿੱਤੀ। ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ’ਤੇ ਮੇਅਰ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਸੰਜੀਵ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਇਹ ਕੋਈ ਪੁਰਾਤਨ ਜਾਂ ਇਤਿਹਾਸਕ ਸਥਾਨ ਨਹੀਂ ਹੈ। ਸਗੋਂ ਕੁਝ ਦਿਨ ਪਹਿਲਾਂ ਹੀ ਕੁਝ ਵਿਅਕਤੀਆਂ ਵੱਲੋਂ ਇਥੇ ਇਸ ਰੂਪ ’ਚ ਕਬਜ਼ੇ ਦੀ ਕੋਸਿਸ਼ ਕੀਤੀ ਗਈ ਹੈ। ਮੇਅਰ ਨੇ ਹੋਰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜੇਕਰ ਕੋਈ ਵਿਅਕਤੀ ਧਰਮ ਦੀ ਆੜ ’ਚ ਸੜਕ ਦੇ ਕਿਨਾਰੇ ਇਸ ਤਰ੍ਹਾਂ ਦਾ ਨਾਜਾਇਜ਼ ਕਬਜ਼ਾ ਕਰਦਾ ਹੈ, ਤਾਂ ਉਸ ਨੂੰ ਰੋਕਣਾ ਉਨ੍ਹਾਂ ਦਾ ਹੀ ਫਰਜ਼ ਨਹੀਂ ਸਗੋਂ ਹਰ ਸ਼ਹਿਰ ਵਾਸੀ ਦਾ ਫਰਜ਼ ਬਣਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਿਰਫ਼ ਨਾਜਾਇਜ ਕਬਜ਼ਾ ਰੋਕਣ ਅਤੇ ਹਟਾਓਣ ਦੀ ਹੀ ਕਾਰਵਾਈ ਹੈ ਜਿਸ ਕਰਕੇ ਇਸ ਨੂੰ ਧਾਰਮਿਕ ਰੰਗਤ ਦੇ ਕੇ ਮਾਮਲੇ ਨੂੰ ਭੜਕਾਉਣਾ ਨਹੀਂ ਚਾਹੀਦਾ ਕਿਉਂਕਿ ਸਚਾਈ ਸੱਚਾਈ ਹੀ ਹੁੰਦੀ ਹੈ।