ਪੰਜਾਬੀ ’ਵਰਸਿਟੀ ਦੀ ਵਿੱਤੀ ਔੜ ਦਾ ਮਾਮਲਾ ਰਾਜਪਾਲ ਦੇ ਦਰਬਾਰ ਪੁੱਜਿਆ

ਪੰਜਾਬੀ ’ਵਰਸਿਟੀ ਦੀ ਵਿੱਤੀ ਔੜ ਦਾ ਮਾਮਲਾ ਰਾਜਪਾਲ ਦੇ ਦਰਬਾਰ ਪੁੱਜਿਆ

ਰਵੇਲ ਸਿੰਘ ਭਿੰਡਰ
ਪਟਿਆਲਾ, 26 ਅਕਤੂਬਰ

ਵਿੱਤੀ ਸੰਕਟ ਦੇ ਦੌਰ ’ਚੋਂ ਗੁਜ਼ਰ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਸੰਕਟ ’ਚੋਂ ਬਾਹਰ ਕੱਢਣ ਲਈ ਵਾਈਸ ਚਾਂਸਲਰ ਪ੍ਰੋ. ਬੀ.ਐੱਸ. ਘੁੰਮਣ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਰਨ ਮਾਮਲਾ ਲੰਘੇ ਦਿਨੀਂ ਰਾਜਪਾਲ ਪੰਜਾਬ ਕਮ ਚਾਂਸਲਰ ਕੋਲ ਪੁੱਜ ਕੇ ਵਿਚਾਰਿਆ ਗਿਆ। ਵਾਈਸ ਚਾਂਸਲਰ ਸ੍ਰੀ ਘੁੰਮਣ ਵੱਲੋਂ ਇਸ ਏਜੰਡੇ ਨੂੰ ਲੈ ਕੇ ਯੂਨੀਵਰਸਿਟੀ ਦੇ ਰਾਜਪਾਲ ਤੇ ਚਾਂਸਲਰ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਗਈ। ਰਾਜਪਾਲ ਪੰਜਾਬ ਦੀ ਪਹਿਲਕਦਮੀ ਵਜੋਂ ਹੇਲਲੇ ਪੱਧਰ ’ਤੇ ਬੈਠਕਾਂ ਦਾ ਸਿਲਸਿਲਾ ਤੁਰਿਆ ਰਿਹਾ ਹੈ, ਜਿਸ ਤੋਂ ਯੂਨੀਵਰਸਿਟੀ ਨੂੰ ਸਰਕਾਰ ਦੇ ਵਿੱਤੀ ਸਹਾਰੇ ਦੀ ਆਸ ਬੱਝੀ ਹੈ।

ਪੰਜਾਬੀ ਯੂਨੀਵਰਸਿਟੀ ਨੇ ਅਧਿਕਾਰਤ ਤੌਰ ’ਤੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਵਾਈਸ ਚਾਂਸਲਰ ਡਾ ਘੁੰਮਣ ਵੱਲੋਂ ਰਾਜਪਾਲ ਪੰਜਾਬ ਨੂੰ ਯੂਨੀਵਰਸਿਟੀ ਦੇ ਤਾਜ਼ਾ ਵਿੱਤੀ ਹਾਲਾਤ ਤੇ ਅਕਾਦਮਿਕ ਗਤੀਵਿਧੀਆਂ ਉੱਪਰ ਪੈਣ ਵਾਲੇ ਇਸ ਦੇ ਮੌਜੂਦਾ ਤੇ ਸੰਭਾਵਿਤ ਅਸਰਾਂ ਬਾਰੇ ਜਾਣੂ ਕਰਵਾਇਆ। ਰਾਜਪਾਲ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਾਈਸ ਚਾਂਸਲਰ ਡਾ. ਘੁੰਮਣ ਦੀ ਇਸੇ ਵਿਸ਼ੇ ਉੱਪਰ ਅਗਲੇਰੀ ਮੁਲਾਕਾਤ ਮੁੱਖ ਮੰਤਰੀ ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਤੇ ਵਿੱਤ ਮੰਤਰੀ ਪੰਜਾਬ ਨਾਲ ਰਖਵਾਉਣ ਦਾ ਫੌਰੀ ਪ੍ਰਬੰਧ ਕਰ ਦਿੱਤਾ ਤੇ ਅਗਲੀ ਬੈਠਕ ਦੋ ਦਿਨਾਂ ਬਾਅਦ 12 ਅਕਤੂਬਰ ਨੂੰ ਸਿਰੇ ਚੜ੍ਹ ਗਈ। ਵਾਈਸ ਚਾਂਸਲਰ ਦੀ ਇਹ ਬੈਠਕ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਹੋਈ। ਇਸ ਉਪਰੰਤ 14 ਅਕਤੂਬਰ 2020 ਨੂੰ ਘੁੰਮਣ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ’ਚ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪ੍ਰਿੰਸੀਪਲ ਸਕੱਤਰ ਫਾਇਨਾਂਸ ਕੇ.ਏ.ਪੀ. ਸਿਨਹਾ ਤੇ ਸਕੱਤਰ ਉਚੇਰੀ ਸਿੱਖਿਆ ਰਾਹੁਲ ਭੰਡਾਰੀ ਵੀ ਹਾਜ਼ਰ ਰਹੇ। ਵਾਈਸ ਚਾਂਸਲਰ ਡਾ. ਘੁੰਮਣ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿੱਤੀ ਮਾਮਲਿਆਂ ਨਾਲ ਸਬੰਧਿਤ ਹੋਈਆਂ ਸਾਰੀਆਂ ਉਚ ਪੱਧਰੀ ਬੈਠਕਾਂ ’ਚ ਯੂਨੀਵਰਸਿਟੀ ਦੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ 140 ਕਰੋੜ ਰੁਪਏ ਦੀ ਵਾਧੂ ਗਰਾਂਟ ਜਾਰੀ ਕਰਨ ਲਈ ਬੇਨਤੀ ਕੀਤੀ ਤੇ ਅਗਲੇ ਵਿੱਤੀ ਵਰ੍ਹੇ ਦੌਰਾਨ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਗਰਾਂਟ ਨੂੰ ਦੁੱਗਣਾ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਤਨਖਾਹ ਤੇ ਪੈਨਸ਼ਨ ਨਾਲ ਜੁੜੀਆਂ ਅਦਾਇਗੀਆਂ ਦੇ ਮਸਲੇ ਤੁਰੰਤ ਹੱਲ ਕਰਨ ਲਈ 20 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਫੌਰੀ ਤੌਰ ’ਤੇ ਜਾਰੀ ਕਰਨ ’ਤੇ ਜ਼ੋਰ ਦਿੱਤਾ। ਪਹਿਲਾਂ ਜੁਲਾਈ ਮਹੀਨੇ ਜਾਰੀ ਹੋਈ 20 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਨੂੰ ਕੰਸਟੀਚੁਐਂਟ ਕਾਲਜਾਂ ਦੀ ਗਰਾਂਟ (20.8 ਕਰੋੜ ਰੁਪਏ) ’ਚ ਐਡਜਸਟ ਨਾ ਕਰਨ ਸਬੰਧੀ ਵੀ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਐੱਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਗਰਾਂਟ ਨਾਲ ਸਬੰਧਿਤ 47 ਕਰੋੜ ਰੁਪਏ ਦੇ ਫੌਰੀ ਭੁਗਤਾਨ ਬਾਰੇ ਵੀ ਜ਼ੋਰ ਦਿੱਤਾ ਗਿਆ। ਇਸ ਸਬੰਧੀ ਉਨ੍ਹਾਂ ਵੱਲੋਂ 15 ਪੰਨਿਆਂ ਦਾ ਦਸਤਾਵੇਜ਼ ਜਮ੍ਹਾਂ ਕਰਵਾਇਆ ਗਿਆ। ਬੈਠਕਾਂ ਦੌਰਾਨ ਵਿੱਤ ਮੰਤਰੀ ਤੇ ਉਚੇਰੀ ਸਿੱਖਿਆ ਮੰਤਰੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਵਿਸ਼ੇਸ਼ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਖੇਤੀਬਾੜੀ ਯੂਨੀਵਰਸਿਟੀ ਵੀ ਅਜਿਹੇ ਦੌਰ ’ਚੋਂ ਲੰਘ ਚੁੱਕੀ ਹੈ। ਉਸ ਯੂਨੀਵਰਸਿਟੀ ਨੂੰ ਅਜਿਹੇ ਸੰਕਟ ’ਚੋਂ ਕੱਢਣ ਲਈ ਸਰਕਾਰ ਨੇ ਉਸ ਦੀ ਗਰਾਂਟ ’ਚ ਵੱਡਾ ਵਾਧਾ ਕੀਤਾ ਸੀ। ਉਨਾਂ ਦੱਸਿਆ ਕਿ ਬੈਠਕਾਂ ਸਾਕਾਰਾਤਮਕ ਤੇ ਉਸਾਰੂ ਮਾਹੌਲ ਵਿਚ ਨੇਪਰੇ ਚੜਣ ਤੋਂ ਵੱਡੀ ਆਸ ਬੱਝੀ ਹੈ ਕਿ ਸਰਕਾਰ ਯੂਨੀਵਰਸਿਟੀ ਦੀਆਂ ਵਿੱਤੀ ਔਕੜਾਂ ਨੂੰ ਜਲਦੀ ਦੂਰ ਕਰੇਗੀ। ਲੰਘੇ ਕੱਲ੍ਹ ਪਟਿਆਲਾ ਫੇਰੀ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਇੰਕਸਾਫ਼ ਕੀਤਾ ਸੀ ਕਿ ਸਰਕਾਰ ਪੰਜਾਬੀ ਯੂਨੀਵਰਸਿਟੀ ਦੀ ਗੌਰ ਕਰੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All