ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 5 ਮਾਰਚ
ਪੰਜਾਬ ਦੇ ਰਾਜਪਾਲ-ਕਮ-ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ.ਪੀ.ਸਿੰਘ ਬਦਨੌਰ ਕੋਲ ਆਖ਼ਰ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵੀ.ਸੀ. ਰਵਨੀਤ ਕੌਰ ਦੀ ਕਥਿਤ ਗੈਰ ਹਾਜ਼ਰੀ ਦਾ ਮਾਮਲਾ ਅੱਪੜ ਗਿਆ ਹੈ। ਇਹ ਮਾਮਲਾ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਦੇ ਵਫ਼ਦ ਨੇ ਰਾਜਪਾਲ ਪੰਜਾਬ ਕੋਲ ਚੰਡੀਗੜ੍ਹ ’ਚ ਮਿਲਣੀ ਦੌਰਾਨ ਉਠਾਇਆ ਹੈ।
ਪੂਟਾ ਦੇ ਪ੍ਰਧਾਨ ਡਾ ਨਿਸ਼ਾਨ ਸਿੰਘ ਦਿਓਲ ਜਿਹਨਾਂ ਦੀ ਅਗਵਾਈ ਹੇਠ ਵਫ਼ਦ ਰਾਜਪਾਲ ਪੰਜਾਬ ਨੂੰ ਲੰਘੇ ਕੱਲ੍ਹ ਚੰਡੀਗੜ੍ਹ ’ਚ ਮਿਲਣ ਲਈ ਗਿਆ ਸੀ, ਨੇ ਦੱਸਿਆ ਕਿ ਰਾਜਪਾਲ ਪੰਜਾਬ ਕਮ ਚਾਂਸਲਰ ਉਦੋਂ ਵਫ਼ਦ ਪਾਸੋਂ ਇਹ ਸ਼ਿਕਾਇਤ ਸੁਣਕੇ ਕਾਫ਼ੀ ਹੈਰਾਨ ਹੋਏ ਕਿ ਕਾਰਜਕਾਰੀ ਵੀ.ਸੀ. ਦੀ ਲੰਮੀ ਗੈਰ ਹਾਜ਼ਰੀ ਚੱਲ ਰਹੀ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਯੂਨੀਵਰਸਿਟੀ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਕਾਨਵੋਕੇਸ਼ਨ ਵੀ ਨਹੀਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਬੈਠਕ ਦੌਰਾਨ ਪੂਟਾ ਵਫ਼ਦ ਵੱਲੋਂ ਚਾਂਸਲਰ ਹੋਰਾਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਿੱਤੀ ਸੰਕਟ ਨੂੰ ਦੂਰ ਕਰਨ ਹਿੱਤ ਪੰਜਾਬ ਸਰਕਾਰ ਕੋਲ ਪੈਰਵਾਈ ਕਰਨ ਦੀ ਮੰਗ ਕੀਤੀ ਗਈ। ਵਫਦ ਵੱਲੋਂ ਯੂਨੀਵਰਸਿਟੀ ਦੇ 105 ਅਧਿਆਪਕਾਂ ਦੀ ਤਰੱਕੀ ਸਬੰਧੀ ਸਮੁੱਚੀ ਪ੍ਰਕਿਰਿਆ ਮੁਕੰਮਲ ਉਪਰੰਤ ਹੋਣ ਵੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਬੰਧਤ ਪੱਤਰ ਜਾਰੀ ਨਾ ਕਰਨ ਬਾਰੇ ਵੀ ਜਾਣੂ ਕਰਵਾਇਆ। ਵਫ਼ਦ ਮੁਤਾਬਿਕ ਰਾਜਪਾਲ ਵੱਲੋਂ ਵਫਦ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਬੜੇ ਧਿਆਨ ਸੁਣਨ ਉਪਰੰਤ ਚਰਚਾ ਕਰਦਿਆਂ ਇਸ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਵਫਦ ਵਿੱਚ ਡਾ ਮਨਿੰਦਰ ਸਿੰਘ, ਡਾ ਅਵਨੀਤ ਪਾਲ ਸਿੰਘ ਸਕੱਤਰ, ਡਾ ਬਲਰਾਜ ਸਿੰਘ ਅਤੇ ਡਾ ਪਰਨੀਤ ਕੌਰ ਸ਼ਾਮਲ ਹੋਏ।
ਵੀਸੀ ਦਫ਼ਤਰ ਪੁੱਜੇ
ਉਧਰ ਕਾਰਜਕਾਰੀ ਵੀ.ਸੀ. ਅੱਜ ਕਰੀਬ ਦੋ ਮਹੀਨੇ ਮਗਰੋਂ ਯੂਨੀਵਰਸਿਟੀ ਕੈਂਪਸ ਵਿਚਲੇ ਦਫ਼ਤਰ ’ਚ ਪਹੁੰਚੇ ਦੱਸੇ ਜਾਂਦੇ ਹਨ। ਪੂਟਾ ਦਾ ਕਹਿਣਾ ਹੈ ਕਿ ਸ਼ਾਇਦ ਚਾਂਸਲਰ ਕਮ ਰਾਜਪਾਲ ਕੋਲ ਲੰਘੇ ਕੱਲ ਉਹਨਾਂ ਦੀ ਲੰਮੀ ਗੈਰ ਹਾਜ਼ਰੀ ਦਾ ਮੁੱਦਾ ਉੱਠਣ ਮਗਰੋਂ ਉਨ੍ਹਾਂ ਆਖ਼ਰ ਯੂਨੀਵਰਸਿਟੀ ’ਚ ਆਮਦ ਬਣਾਉਣ ਨੂੰ ਤਰਜੀਹ ਦਿੱਤੀ ਹੈ। ਇਸ ਸਮੁੱਚੇ ਮਾਮਲੇ ਸਬੰਧੀ ਪਖ ਲੈਣ ਲਈ ਜਦੋਂ ਕਾਰਜਕਾਰੀ ਵੀ.ਸੀ. ਨਾਲ ਫੋਨ ਮਿਲਾਇਆ ਪ੍ਰੰਤੂ ਉਨ੍ਹਾਂ ਅੱਗੋਂ ਫੋਨ ਕੱਟ ਦਿੱਤਾ।