ਸਰਬਜੀਤ ਸਿੰਘ ਭੰਗੂ
ਪਟਿਆਲਾ 12 ਸਤੰਬਰ
ਇਥੇ ਮੇਅਰ ਸੰਜੀਵ ਬਿੱਟੂ (ਪੀਐਲਸੀ ਆਗੂ) ਦੀ ਅਗਵਾਈ ਹੇਠ ਹੋਏ ਨਗਰ ਨਿਗਮ ਦੇ ਜਨਰਲ ਹਾਊਸ ਵਿੱਚੋਂ ਨਿਗਮ ਕਮਿਸ਼ਨਰ ਆਦਿਤਿਆ ਉੱਪਲ ਸਮੇਤ ਦੋਵੇਂ ਜੁਆਇੰਟ ਕਮਿਸ਼ਨਰ, ਬਿਲਡਿੰਗ ਬ੍ਰਾਂਚ ਅਤੇ ਲੈਂਡ ਬ੍ਰਾਂਚ ਦੇ ਇੰਚਾਰਜ ਗੈਰਹਾਜ਼ਰ ਰਹੇ ਜਿਸ ਦਾ ਜਨਰਲ ਹਾਊਸ’ਚ ਸ਼ਾਮਲ ਰਹੇ ਤਿੰਨ ਦਰਜਨ ਕੌਂਸਲਰਾਂ ਨੇ ਅਫਸਰਸ਼ਾਹੀ ਦੀ ਗੈਰਮੌਜੂਦਗੀ ਨੂੰ ਜਿੰਮੇਵਾਰੀ ਤੋਂ ਭੱਜਣ ਦੇ ਦੋਸ਼ ਵੀ ਲਾਏ। ਜ਼ਿਕਰਯੋਗ ਹੈ ਕਿ ਪਟਿਆਲਾ ਨਗਰ ਨਿਗਮ ਦੇ ਕੁੱਲ 60 ਕੌਂਸਲਰਾਂ ਵਿਚੋਂ ਪਿਛਲੇ ਸਮੇਂ ਹੋਈ ਚੋਣ ਦੌਰਾਨ 59 ਕਾਂਗਰਸ ਦੇ ਅਤੇ ਸਿਰਫ਼ ਇੱਕ ਮਹਿਲਾ ਕੌਂਸਲਰ ਅਕਾਲੀ ਦਲ ਤੋਂ ਜਿੱਤੀ ਸੀ। ਪਰ ਪੰਜਾਬ ਅੰਦਰ ਹੋਈ ਰਾਜਸੀ ਉਥਲ ਪੁਥਲ ਦਾ ਅਸਰ ਇਥੇ ਵੀ ਪਿਆ ਹੈ ਕਿਉਂਕਿ ਹੁਣ ਇਹ ਕੌਂਸਲਰ ਧੜਿਆਂ ’ਚ ਵੰਡੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ, 34 ਕਾਂਗਰਸ ਨਾਲ਼ ਹਨ। ਜਦਕਿ ਮੇਅਰ ਸਮੇਤ 22 ਕੌਂਸਲਰ ਪੀਐਲਸੀ ਨਾਲ਼ ਖੜ੍ਹ ਗਏ ਹਨ। ਇਸ ਤੋਂ ਇਲਾਵਾ 3 ‘ਆਪ’ ਅਤੇ ਇੱਕ ਸ਼ੁਰੂ ਤੋਂ ਹੀ ਅਕਾਲੀ ਹੈ। ਪਰ ਅੱਜ ਦੀ ਮੀਟਿੰਗ ਵਿਚੋਂ ਅਫਸਰਸ਼ਾਹੀ ਦੀ ਗੈਰਮੌਜੂਦਗੀ ਨੂੰ ਵੇਖੀਏ ਤਾਂ ਹੁਣ ਇਨ੍ਹਾਂ ਕੌਂਸਲਰਾਂ ਦੀ ਅਫਸਰਾਂ ਨਾਲ਼ ਵੀ ਕਥਿਤ ਤਕਰਾਰ ਸ਼ੁਰੂ ਹੋ ਗਈ ਹੈ।
ਪੁੱਛਣ ’ਤੇ ਪਤਾ ਲੱਗਾ ਕਿ ਨਿਗਮ ਕਮਿਸ਼ਨਰ ਆਦਿੱਤਿਆ ਉਪਲ ਵਿਦੇਸ਼ ਦੌਰੇ ’ਤੇ ਹੋਣ ਕਰਕੇ ਮੀਟਿੰਗ ਵਿੱਚ ਨਹੀਂ ਆ ਸਕੇ। ਜਦਕਿ ਜੁਆਇੰਟ ਡਾਇਰੈਕਟਰ ਨਮਨ ਮੜਕਣ ਘਰੇਲੂ ਕਾਰਨਾਂ ਕਰਕੇ ਛੁੱਟੀ ’ਤੇ ਸਨ। ਇਕ ਹੋਰ ਜੁਆਇੰਟ ਡਾਇਰੈਕਟਰ ਜੀਵਨਜੋਤ ਕੌਰ ਦਾ ਤਰਕ ਸੀ ਕਿ ਉਸ ਨੂੰ ਮੀਟਿੰਗ ਦਾ ਏਜੰਡਾ ਹੀ ਨਹੀਂ ਮਿਲਿਆ। ਇਸ ਤੋਂ ਇਲਾਵਾ ਗੈਰ ਹਾਜ਼ਰ ਰਹੇ ਬ੍ਰਾਂਚਾਂ ਦੇ ਇੰਚਾਰਜਾਂ ਨਾਲ ਗੱਲ ਨਹੀਂ ਹੋ ਸਕੀ।
ਇਸ ਮੌਕੇ ਹਾਜ਼ਰ ਰਹੇ 36 ਕੌਂਸਲਰਾਂ ਵੱਲੋਂ ਮਤਾ ਪਾ ਕੇ ਨਿਗਮ ਦੀ ਅਫਸਰਸ਼ਾਹੀ ਦੇ ਇਸ ਕਦਰ ਜਨਰਲ ਹਾਊਸ ਦੀ ਮੀਟਿੰਗ ਵਿਚੋਂ ਗੈਰ ਹਾਜ਼ਰ ਰਹਿਣ ’ਤੇ ਬਣਦੀ ਵਿਭਾਗੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਏਜੰਡੇ ’ਚ ਸ਼ਾਮਲ ਰਹੇ ਸਾਰੇ ਛੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਇਸ ਦੌਰਾਨ ਸ਼ਹਿਰ ਵਿਚੋਂ ਡੇਅਰੀਆਂ ਦੀ ਤਬਦੀਲੀ ’ਚ ਹੋ ਰਹੀ ਦੇਰੀ ਲਈ ਨਿਗਮ ਦੇ ਅਫਸਰਾਂ ਦੀ ਜ਼ਿੰਮੇਵਾਰੀ ਮੁਕੱਰਰ ਕਰਨ ’ਤੇ ਜ਼ੋਰ ਦਿੱਤਾ ਗਿਆ।
ਨਹਿਰੀ ਪਾਣੀ ਦੇ ਪ੍ਰਾਜੈਕਟ ਵਿੱਚ ਕੰਪਨੀ ਦੀ ਮੰਗ ’ਤੇ ਉਨ੍ਹਾਂ ਨੂੰ ਸਰਹਿੰਦ ਰੋਡ ’ਤੇ ਪਾਣੀ ਦੀ ਟੈਂਕੀ ਲਈ ਲੋੜੀਂਦੀ ਥਾਂ ਦੇਣ ਦਾ ਮਤਾ ਵੀ ਮਤਾ ਪਾਸ ਕਰ ਦਿੱਤਾ ਗਿਆ। ਕੌਂਸਲਰ ਸੋਨੀਆ ਕਪੂਰ ਨੇ ਕਿਹਾ ਕਿ ਬੇਸ਼ੱਕ ਧਰਮ ਆਰਥ ਬੋਰਡ ਦੀ ਜ਼ਮੀਨ ਦੱਸ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਢਾਹ ਦਿੱਤੀਆਂ ਹਨ, ਪਰ ਉਨ੍ਹਾਂ ਨੇ ਕੁਝ ਇਮਾਰਤਾਂ ਦੀਆਂ ਫੋਟੋਆਂ ਦਿਖਾਉਂਦਿਆਂ, ਦੋਸ਼ ਲਾਏ ਕਿ ਭਗਤ ਸਿੰਘ ਚੌਕ ਤੋਂ ਸਨੌਰੀ ਅੱਡੇ ਨੂੰ ਜਾਂਦੀ ਸੜਕ ’ਤੇ ਇੱੱਕ ‘ਆਪ’ ਆਗੂ ਵੱਲੋਂ ਕਥਿਤ ਤੌਰ ’ਤੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ’ਤੇ ਜਨਰਲ ਹਾਉਸ ਨੇ ਨਗਰ ਨਿਗਮ ਦੀਆਂ ਜ਼ਮੀਨਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਨ ਦਾ ਮਤਾ ਪਾਸ ਕਰਕੇ ਕਾਨੂੰਨੀ ਕਾਰਵਾਈ ਦੀ ਸਿਫਾਰਿਸ਼ ਵੀ ਕੀਤੀ। ਕੌਂਸਲਰ ਅਨਿਲ ਮੌਦਗਿਲ ਨੇ ਕਿਹਾ ਕਿ ਬਿਲਡਿੰਗ ਬ੍ਰਾਂਚ ਨੂੰ ਚਾਹੀਦਾ ਹੈ ਕਿ ਕੇਵਲ ਕੁਝ ਮਹੀਨਿਆਂ ਦੇ ਤਰਕ ਤਹਿਤ ਹੀ ਨਾਜਾਇਜ਼ ਇਮਾਰਤਾਂ ’ਤੇ ਕਾਰਵਾਈ ਦੀ ਬਜਾਏ ਦਹਾਕੇ ਭਰ ਦੀਆਂ ਨਾਜਾਇਜ਼ ਉਸਾਰੀਆਂ ’ਤੇ ਵੀ ਬੁਲਡੋਜ਼ਰ ਫੇਰੇ ਜਾਣ। ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਤਵੱਕਲੀ ਮੋੜ ਤੋਂ ਅਨਾਰਦਾਨਾ ਚੌਕ ਤੱਕ ਸੜਕ ਦਾ ਨਾਂ ਸਮਾਜ ਸੇਵੀ ਸਰਦਾਰ ਖਜਾਨ ਸਿੰਘ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ ਰੱਖਿਆ, ਜਿਸ ’ਤੇ ਸਦਨ ਨੇ ਸਹਿਮਤੀ ਜਤਾਈ। ਅਬਲੋਵਾਲ ਚੌਕ ਦਾ ਨਾਂ ਮਹੰਤ ਲਾਲ ਸਿੰਘ ਚੌਕ, ਡਕਾਲਾ ਚੁੰਗੀ ਤੋਂ ਘਲੋੜੀ ਗੇਟ ਕੁਆਟਰ ਤੱਕ ਸੜਕ ਦਾ ਨਾਂ ਸ੍ਰੀ ਕ੍ਰਿਸ਼ਨ ਚੰਦ ਸ਼ਰਮਾ ਦੇ ਨਾਂ ’ਤੇ ਰੱਖਣ ਅਤੇ ਮਿਸ਼ਰੀ ਬਾਜ਼ਾਰ ਚੌਕ ਦਾ ਨਾਂ ਸੁਤੰਤਰਤਾ ਸੈਨਾਨੀ ਲੇਖ ਰਾਜ ਖੰਨਾ ਦੇ ਨਾਂ ’ਤੇ ਰੱਖਣ ਦੀ ਤਜਵੀਜ਼ ਨੂੰ ਵੀ ਪਾਸ ਕਰ ਦਿੱਤਾ ਗਿਆ। ਨਿਗਮ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਪਲਾਟਾਂ ਦੀ ਐਨ.ਓ.ਸੀ ਸਮੇਂ ਸਿਰ ਜਾਰੀ ਕਰਨ ਦੀ ਮੰਗ ਵੀ ਸਰਕਾਰ ਨੂੰ ਭੇਜਣ ਲਈ ਸਹਿਮਤੀ ਦਿੱਤੀ ਗਈ।