ਰਵੇਲ ਸਿੰਘ ਭਿੰਡਰ
ਪਟਿਆਲਾ, 9 ਮਈ
ਕਰੋਨਾ ਦੀ ਵਧਦੀ ਮਾਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਹਫ਼ਤਾਵਾਰੀ ਲੌਕਡਾਊਨ ਦੇ ਦੂਜੇ ਦਿਨ ਵੀ ਅੱਜ ਸ਼ਹਿਰ ਕਰੀਬ ਬੰਦ ਰਿਹਾ। ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ’ਚ ਸੁੰਨ ਪੱਸਰੀ ਰਹੀ। ਪੁਲੀਸ ਪ੍ਰਸ਼ਾਸਨ ਲੌਕਡਾਊਨ ਨੂੰ ਸਫਲ ਬਣਾਉਣ ਲਈ ਦਿਨ ਭਰ ਮੁਸਤੈਦ ਰਿਹਾ। ਦੱਸਣਯੋਗ ਹੈ ਕਿ ਹਫਤਾਵਾਰੀ ਲੌਕਡਾਊਨ ’ਚ ਸਿਰਫ਼ ਮੈਡੀਕਲ ਸੇਵਾਵਾਂ ਤੋਂ ਬਿਨਾਂ ਬਾਕੀ ਸਮੁੱਚੇ ਕਾਰੋਬਾਰ ਤੇ ਬਾਜ਼ਾਰ ਬੰਦ ਰੱਖਣ ਦੀਆਂ ਹਦਾਇਤਾਂ ਸਨ। ਐਤਕੀਂ ਇਹ ਵੀ ਵੇਖਣ ’ਚ ਆਇਆ ਹੈ ਕਿ ਛੋਟੇ ਪਿੰਡਨੁਮਾ ਕਸਬਿਆਂ ’ਚ ਵੀ ਦੁਕਾਨਦਾਰਾਂ ਵੱਲੋਂ ਹਫ਼ਤਾਵਾਰੀ ਲੌਕਡਾਊਨ ਦੇ ਦੋਵੇਂ ਦਿਨ ਬੰਦ ਰੱਖਣ ਨੂੰ ਤਰਜੀਹ ਦਿੱਤੀ ਹੈ। ਉਧਰ ਪਟਿਆਲਾ ਪ੍ਰਸ਼ਾਸਨ ਵੱਲੋਂ ਭਲਕੇ ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਤੋਂ ਪਾਬੰਦੀ ਦੀਆਂ ਨਵੀਆਂ ਹਦਾਇਤਾਂ ਦੇ ਮੱਦੇਨਜ਼ਰ ਸੋਮਵਾਰ ਤੇ ਸ਼ੁੱਕਰਵਾਰ ਦੋ ਦਿਨ ਗੈਰ ਜ਼ਰੂਰੀ ਦੁਕਾਨਾਂ ਨੂੰ ਵੀ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਭਾਵੇਂ ਪਟਿਆਲਾ ਵਪਾਰ ਮੰਡਲ ਵੱਲੋਂ ਜ਼ਰੂਰੀ ਕਰਾਰ ਦੁਕਾਨਾਂ ਵਾਂਗ ਗੈਰ ਜ਼ਰੂਰੀ ਕੈਟਾਗਿਰੀ ’ਚ ਰੱਖੀਆਂ ਦੁਕਾਨਾਂ ਨੂੰ ਵੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ ਖੋਲ੍ਹਣ ਦੀ ਇਜਾਜ਼ਤ ਮੰਗੀ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੇ ਹਫ਼ਤਾਵਾਰੀ ਲੌਕਡਾਊਨ ਦੇ ਦੂਜੇ ਦਿਨ ਸ਼ਹਿਰ ਦੇ ਬਾਜ਼ਾਰ ਬਿਲਕੁਲ ਬੰਦ ਰਹੇ। ਲਹਿਰਾਗਾਗਾ ਪੁਲੀਸ ਲੌਕਡਾਊਨ ਦੀ ਪਾਲਣਾ ਕਰਵਾਉਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ। ਸ਼ਹਿਰ ਵਿਚ ਟਰੈਫਿਕ ਪੁਲੀਸ ਵੱਲੋਂ ਲਗਾਤਾਰ ਗਸ਼ਤ ਜਾਰੀ ਹੈ ਪਰ ਸ਼ਹਿਰ ਵਿੱਚ ਪੈਦਲ ਅਤੇ ਮੋਟਰਸਾਈਕਲਾਂ/ਕਾਰਾਂ ਆਦਿ ਵਾਹਨਾਂ ਰਾਹੀਂ ਆਵਾਜਾਈ ਆਮ ਤੌਰ ’ਤੇ ਜਾਰੀ ਰਹੀ।