ਅਸ਼ਵਨੀ ਗਰਗ
ਸਮਾਣਾ, 19 ਦਸੰਬਰ
ਇੱਥੇ ਚੋਰਾਂ ਨੇ ਬੀਤੀ ਰਾਤ ਸਥਾਨਕ ਕ੍ਰਿਸ਼ਨਾ ਮਾਰਕੀਟ ਅਤੇ ਤਹਿਸੀਲ ਰੋਡ ’ਤੇ ਚਾਰ ਦੁਕਾਨਾਂ ਦੇ ਤਾਲੇ ਤੋੜ ਕੇ ਦੁਕਾਨਾਂ ਵਿੱਚ ਚੋਰੀ ਕੀਤੀ। ਚੋਰਾਂ ਨੇ ਸਥਾਨਕ ਤਹਿਸੀਲ ਰੋਡ ’ਤੇ ਸਥਿਤ ਨੈਸ਼ਨਲ ਮੈਡੀਕੋਜ਼ ਦੀ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਵਿੱਚੋਂ ਐੱਲਈਡੀ, ਦੁਕਾਨ ਦੇ ਗੱਲੇ ਵਿੱਚ ਪਈ ਸੋਨੇ ਦੀ ਛਾਪ, 15 ਹਜ਼ਾਰ ਰੁਪਏ ਨਕਦੀ, 2 ਚਾਂਦੀ ਦੇ ਸਿੱਕੇ ਤੇ ਕੁਝ ਹੋਰ ਸਾਮਾਨ ਲੈ ਗਏ। ਦੁਕਾਨ ਮਾਲਕ ਨੇ ਦੱਸਿਆ ਕਿ ਚੋਰੀ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਚੋਰਾਂ ਨੇ ਨਾਲ ਲਗਦੀ ਸੰਜੇ ਮੈਡੀਕੋਜ਼ ਦੀ ਦੁਕਾਨ ਦੇ ਵੀ ਤਾਲੇ ਤੋੜ ਕੇ ਦੁਕਾਨ ਦੇ ਗੱਲੇ ਵਿੱਚ ਪਏ ਕਰੀਬ 700 ਰੁਪਏ ਦੀ ਨਕਦੀ ’ਤੇ ਹੱਥ ਸਾਫ਼ ਕੀਤਾ।
ਇਸੇ ਤਰ੍ਹਾਂ ਸਥਾਨਕ ਕ੍ਰਿਸ਼ਨਾ ਮਾਰਕੀਟ ਵਿੱਚ ਚੋਰਾਂ ਨੇ ਕਕਰਾਲਾ ਬਰਤਨ ਸਟੋਰ ਦੀ ਦੁਕਾਨ ਦੇ ਤਾਲੇ ਤੋੜੇ। ਦੁਕਾਨ ਮਾਲਕ ਅਮਨ ਗਰਗ ਨੇ ਦੱਸਿਆ ਕਿ ਚੋਰ ਦੁਕਾਨ ਵਿੱਚੋਂ 30 ਹਜ਼ਾਰ ਰੁਪਏ, ਕਰੀਬ 10 ਹਜ਼ਾਰ ਰੁਪਏ ਮੁੱਲ ਦੇ ਤਾਂਬੇ ਦੇ ਸਿੱਕੇ ਆਦਿ ਲੈ ਗਏ। ਕ੍ਰਿਸ਼ਨਾ ਮਾਰਕੀਟ ਵਿੱਚ ਹੀ ਚੋਰਾਂ ਨੇ ਚੰਨ ਦੀ ਹੱਟੀ ਨਾਮੀ ਦੁਕਾਨ ਦੇ ਤਾਲੇ ਤੋੜੇ। ਦੁਕਾਨ ਮਾਲਕ ਧਰਮਪਾਲ ਅਨੁਸਾਰ ਚੋਰ ਦੁਕਾਨ ਵਿੱਚੋਂ ਐੱਲਈਡੀ, ਡੀਬੀਆਰ ਤੇ 25 ਹਜ਼ਾਰ ਲੈ ਕੇ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ਤੋਂ ਖੁਲਾਸਾ ਹੋਇਆ ਹੈ ਕਿ ਬੀਤੀ ਰਾਤ ਸ਼ਹਿਰ ਵਿੱਚ ਚੋਰੀ ਦੀਆਂ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਇੱਕ ਹੀ ਗਰੁੱਪ ਨੇ ਅੰਜਾਮ ਦਿੱਤਾ ਹੈ ਜਿਸ ਵਿੱਚ ਕਰੀਬ ਪੰਜ ਵਿਅਕਤੀ ਸ਼ਾਮਲ ਸਨ।
ਚੌਕੀਦਾਰ ਨੂੰ ਬੰਦੀ ਬਣਾ ਕੇ ਸ਼ੋਅਰੂਮ ’ਚ ਚੋਰੀ
ਸਮਾਣਾ (ਪੱਤਰ ਪ੍ਰੇਰਕ): ਚੋਰਾਂ ਨੇ ਬੀਤੀ ਰਾਤ ਚੌਕੀਦਾਰ ਨੂੰ ਬੰਦੀ ਬਣਾ ਕੇ ਤਹਿਸੀਲ ਕੰਪਲੈਕਸ ਨੇੜੇ ਸਥਿਤ ਸੈਨੇਟਰੀ ਅਤੇ ਪੇਂਟ ਸ਼ੋਅਰੂਮ ਦਾ ਸ਼ਟਰ ਤੋੜ ਕੇ ਨਕਦੀ ਅਤੇ ਐੱਲਸੀਡੀ ਸਣੇ 50 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਮਾਲਕਾਂ ਨੇ ਜਾਂਚ ਦੌਰਾਨ ਗੱਲੇ ਵਿੱਚੋਂ 25 ਹਜ਼ਾਰ ਰੁਪਏ ਅਤੇ ਸੋ ਰੂਮ ਵਿਚ ਲੱਗੀ ਐਲ.ਸੀ.ਡੀ. ਸਣੇ 50 ਹਜ਼ਾਰ ਰੁਪਏ ਦੇ ਨੁਕਸਾਨ ਦਾ ਅਨੁਮਾਨ ਦੱਸਿਆ। ਗਗਨ ਤੁਲੀ ਨੇ ਦੱਸਿਆ ਕਿ ਰਾਤ ਕਰੀਬ ਤਿੰਨ ਵਜੇ ਅੱਠ ਵਿਅਕਤੀ ਸ਼ੋਅ ਰੂਮ ਦੇ ਪਿੱਛੇ ਵਾਲੀ ਗਲੀ ਵਿੱਚ ਪਹੁੰਚੇ ਜਿਨ੍ਹਾਂ ਵਿੱਚੋਂ ਦੋ ਨੇ ਚੌਕੀਦਾਰ ਜੰਗ ਬਹਾਦਰ ਨੂੰ ਹਥਿਆਰ ਦਿਖਾ ਕੇ ਚੁੱਪ-ਚਾਪ ਬੈਠੇ ਰਹਿਣ ਨੂੰ ਕਿਹਾ ਜਦੋਂ ਕਿ ਦੋ-ਦੋ ਦੇ ਗਰੁੱਪਾਂ ’ਚ 4 ਲੋਕ ਗਲੀ ਕਿਨਾਰੇ ਖੜੇ ਹੋ ਗਏ ਅਤੇ ਦੋ ਲੋਕ ਗਲੀ ਵਿੱਚ ਲੱਗਾ ਦੁਕਾਨ ਦਾ ਪਿਛਲਾ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਚੋਰੀ ਨੂੰ ਅੰਜਾਮ ਦਿੱਤਾ। ਚੋਰਾਂ ਨੇ ਆਪਣੀ ਪਛਾਣ ਛੁਪਾਉਣ ਲਈ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਮੂੰਹ ਦੂਜੇ ਪਾਸੇ ਘੁੰਮਾ ਦਿੱਤੇ। ਸਿਟੀ ਪੁਲੀਸ ਦੇ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।