ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਮਈ
ਹਰ ਤਿੱਥ ਤਿਉਹਾਰ ਨੂੰ ਆਪਣੀਆਂ ਧੀਆਂ ਪੁੱਤਾਂ ਨੂੰ ਉਡੀਕਦੀਆਂ ਬਿਰਧ ਆਸ਼ਰਮ ਵਿੱਚ ਬੈਠੀਆਂ ਮਾਵਾਂ ਲਈ ਅੱਜ ਦਾ ‘ਮਾਂ ਦਿਵਸ’ ਵੀ ਬੇਮਾਇਨੇ ਰਿਹਾ। ਕੁਝ ਦਾਨੀਆਂ ਤੋਂ ਇਲਾਵਾ ਕੋਈ ਵੀ ਧੀ ਪੁੱਤ ਆਪਣੀ ਮਾਂ ਨੂੰ ਮਿਲਣ ਲਈ ਆਸ਼ਰਮ ਨਹੀਂ ਆਇਆ।
ਪਟਿਆਲਾ ਵਿੱਚ 18 ਦੇ ਕਰੀਬ ਬਿਰਧ ਆਸ਼ਰਮ ਹਨ, ਹਰ ਬਿਰਧ ਆਸ਼ਰਮ ਦੀ ਇਹੋ ਹਾਲਤ ਹੈ। ਸਾਈ ਬਿਰਧ ਆਸ਼ਰਮ ਚੌਰਾ ਵਿੱਚ ਰਹਿਣ ਵਾਲੀ 70 ਸਾਲਾ ਦਲਜੀਤ ਕੌਰ ਦੱਸਦੀ ਹੈ ਕਿ ਪਿਆਰ ਨਾਲ ਪਾਲੇ ਹੋਏ ਉਸ ਦੇ ਪੁੱਤਾਂ ਨੇ ਮਾਂ ਤੇ ਬਾਪ ਦੋਵੇਂ ਨੂੰ ਘਰੋਂ ਕੱਢ ਦਿੱਤਾ। ਇਸੇ ਬਿਰਧ ਆਸ਼ਰਮ ਵਿੱਚ ਰਹਿ ਰਹੀ ਬਠਿੰਡਾ ਦੀ 75 ਸਾਲਾ ਮੀਨਾ ਦੇ ਤਿੰਨ ਮੁੰਡੇ ਹਨ ਜੋ ਉਸ ਨੂੰ ਬਿਰਧ ਆਸ਼ਰਮ ਵਿੱਚ ਛੱਡ ਗਏ, ਮਗਰੋਂ ਕਦੇ ਕੋਈ ਸਾਰ ਨਾ ਲਈ। ਪੁੱਤਾਂ ਦੀ ਗ਼ਲਤੀ ’ਤੇ ਪਰਦਾ ਪਾਉਂਦਿਆਂ ਮਾਤਾ ਕਹਿੰਦੀ ਹੈ ਕਿ ਦੂਰ ਜ਼ਿਆਦਾ ਹੋਣ ਕਰਕੇ ਉਹ ਨਹੀਂ ਆਉਂਦੇ ਹੋਣਗੇ।
ਪਟਿਆਲਾ ਦੀ 64 ਸਾਲਾ ਨੀਲਮ ਨੂੰ ਰੱਬ ਤੇ ਕੋਈ ਗ਼ੁੱਸਾ ਨਹੀਂ ਹੈ, ਉਹ ਆਪਣੀਆਂ ਸਾਥਣ ਬਿਰਧ ਔਰਤਾਂ ਵੱਲ ਦੇਖ ਕੇ ਕਹਿੰਦੀ ਹੈ ਕਿ ਜੇਕਰ ਇਨ੍ਹਾਂ ਦੇ ਬੱਚੇ ਹੁੰਦੇ ਹੋਏ ਇਹ ਬਿਰਧ ਆਸ਼ਰਮ ਵਿੱਚ ਹਨ ਤਾਂ ਚੰਗਾ ਕਿ ਉਸ ਕੋਲ ਕੋਈ ਔਲਾਦ ਹੀ ਨਹੀਂ। ਲੁਧਿਆਣਾ ਦੀ 65 ਸਾਲਾ ਗੁਰਮੇਲ ਕੌਰ ਦੇ ਦੋ ਮੁੰਡੇ ਤੇ ਦੋ ਕੁੜੀਆਂ ਹਨ, ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਵੀ ਹਨ, ਇਸ ਦੇ ਬਾਵਜੂਦ ਉਸ ਦੀ ਸਾਰ ਲੈਣ ਵਾਲਾ ਵੀ ਕੋਈ ਨਹੀਂ। ਇਹੀ ਕਹਾਣੀ ਪਟਿਆਲਾ ਦੀ 65 ਸਾਲਾ ਸ਼ਸ਼ੀ ਬਾਲਾ, 68 ਸਾਲਾ ਸੰਯੋਕਤਾ, 60 ਸਾਲਾ ਪਟਿਆਲਾ ਦੀ ਹੀ ਕੁਸਮਲਤਾ ਵਰਮਾ, ਹਰਪ੍ਰੀਤ ਕੌਰ, ਕਿਸ਼ਨਾ ਤੇ ਬਲਜੀਤ ਕੌਰ ਦੀ ਹੈ।
ਸਾਈਂ ਬਿਰਧ ਆਸ਼ਰਮ ਸੰਭਾਲ ਰਹੀ ਪ੍ਰਤਿਭਾ ਵਰਮਾ ਨੇ ਕਿਹਾ,‘ਬਿਰਧ ਆਸ਼ਰਮਾਂ ਵਿੱਚ ਰਹਿੰਦੀਆਂ ਬਜ਼ੁਰਗ ਮਾਵਾਂ ਲਈ ‘ਮਾਂ ਦਿਵਸ’ ਦੀ ਕੋਈ ਅਹਿਮੀਅਤ ਨਹੀਂ ਹੈ। ਇੱਥੇ ਜਦੋਂ ਕਿਸੇ ਬਿਰਧ ਔਰਤ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਤਾਂ ਅਸੀਂ ਉਨ੍ਹਾਂ ਦੇ ਪੁੱਤਾਂ ਧੀਆਂ ਨੂੰ ਵਾਰ ਵਾਰ ਫ਼ੋਨ ਕਰਦੇ ਹਾਂ ਪਰ ਕੋਈ ਨਹੀਂ ਆਉਂਦਾ। ਤਿੱਥਾਂ ਤਿਉਹਾਰਾਂ ਨੂੰ ਤਾਂ ਕਿਸ ਨੇ ਆਉਣਾ ਹੈ।’ ਬਿਰਧਾਂ ਦੀ ਸੇਵਾ ਕਰਦੇ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਵਾਂ ਕਿਹੋ ਜਿਹੀਆਂ ਵੀ ਹੋਣ, ਪੁੱਤਾਂ ਧੀਆਂ ਨੂੰ ਇਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ।