ਸਰਬਜੀਤ ਸਿੰਘ ਭੰਗੂ
ਪਟਿਆਲਾ, 31 ਅਕਤੂਬਰ
ਪਿੰਡ ਕੌਲੀ ਵਿੱਚ ਸਥਿਤ ‘ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ’ ਵਿੱਚ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਇਸ ਖੇਤਰੀ ਮੇਲੇ ਦਾ ਚੈਂਪੀਅਨ ਹੋਣ ਦਾ ਖਿਤਾਬ ਖਾਲਸਾ ਕਾਲਜ ਪਟਿਆਲਾ ਦੇ ਹਿੱੱਸੇ ਆਇਆ। ਮਹਿੰਦਰ ਕਾਲਜ ਨੇ ਦੂਜਾ ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ ਨੇ ਕੀਤਾ ਸਥਾਨ ਪਾਇਆ।
ਦਰਵੇਸ਼ ਸਿਆਸਤਦਾਨ ਮੰਨੇ ਜਾਂਦੇ ਰਹੇ ਮਰਹੂਮ ਜਸਦੇਵ ਸਿੰਘ ਸੰਧੂ ਦੀ ਯਾਦ ’ਚ ਬਣੀ ਇਸ ਵਿਦਿਅਕ ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਸਕੱਤਰ ਅਨੂਪਿੰਦਰ ਕੌਰ ਸੰਧੂ ਦੀ ਦੇਖ-ਰੇਖ ਹੇਠ ਹੋਏ ਇਸ ਖੇਤਰੀ ਮੇਲੇ ਦੇ ਕਨਵੀਨਰ ਸਰਤਾਜ ਸੰਧੂ ਅਤੇੇ ਕੋਆਰਡੀਨੇਟਰ ਚਰਨਜੀਤ ਸਿੰਘ ਸੋਹੀ ਸਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਜਿਥੇ ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਦੱਸਿਆ, ਉਥੇ ਹੀ ਅਜੋਕੇ ਹਾਲਾਤ ਬਾਰੇ ਚਰਚਾ ਕਰਨ ਸਮੇਤ ਨੌਜਵਾਨ ਵਰਗ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਲੋਕ ਗਾਇਕ ਪੰਮੀ ਬਾਈ ਅਤੇ ਜਸਬੀਰ ਜੱਸੀ ਨੇ ਵੀ ਗੀਤਾਂ ਰਾਹੀਂ ਵਿਦਿਆਰਥੀਆਂ ਨਾਲ ਸਾਂਝ ਪਾਈ।
ਸਵੇਰ ਦੇ ਸੈਸ਼ਨ ਦੌਰਾਨ ਉਚੇਚੇ ਤੌਰ ’ਤੇ ਪੁੱਜੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਆਖਿਆ ਕਿ ਲੋਕ ਮੇਲੇ ਅਤੇ ਰਿਵਾਇਤੀ ਕਲਾਵਾਂ ਨੌਜਵਾਨਾਂ ’ਚ ਉਤਸ਼ਾਹ ਭਰਨ ‘ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਦੁਪਹਿਰ ਦੇ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਐਕਸਾਈਜ਼ ਵਿਭਾਗ ਦੇ ਉਚ ਅਧਿਕਾਰੀ ਗੁਰਿੰਦਰ ਸਿੰਘ ਅਤੇ ਡੀਐਸਪੀ ਸੁਖਮਿੰਦਰ ਸਿੰਘ ਚੌਹਾਨ ਨੇ ਹਾਜ਼ਰੀ ਲਵਾਈ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਇਸ ਸੰਸਥਾ ਵੱਲੋਂ ਜੁਟਾਏ ਜਾਂਦੇ ਯਤਨਾ ਦੀ ਸ਼ਲਾਘਾ ਕੀਤੀ।
ਉਧਰ ਕਈ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਅਤੇ ਕਲਾਕਾਰਾਂ ਵਿਚਲੀ ਪ੍ਰਤਿਭਾ ਨੂੰ ਨਿਖਾਰਨ ਲਈ ਸਹਾਈ ਸਿੱਧ ਹੁੰਦੇ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾ. ਪਰਮਵੀਰ ਸਿੰਘ ਵੀ ਪੁੱਜੇ ਹੋਏ ਸਨ। ਇਸ ਮੌਕੇ ਡਾ. ਹਰਿੰਦਰ ਕੌਰ ਹੁੰਦਲ, ਡੈਨੀ ਸ਼ਰਮਾ, ਡਾ. ਸੋਨੂੰ ਪੰਨੂੰ, ਪ੍ਰੋ. ਨਵਨੀਤ ਕੌਰ ਅਤੇ ਰਾਜ ਕੁਮਾਰ ਗੁਲੇਰੀਆ ਸਮੇਤ ਕਈ ਹੋਰ ਅਹਿਮ ਸ਼ਖਸ਼ੀਅਤਾਂ ਵੀ ਪੁੱਜੀਆਂ ਹੋਈਆਂ ਸਨ।