ਖੇਤਰੀ ਪ੍ਰਤੀਨਿਧ
ਪਟਿਆਲਾ (ਸਨੌਰ), 24 ਮਈ
ਕਸਬਾ ਸਨੌਰ ’ਚ ਮਕਾਨ ਦੀ ਮੁਰੰਮਤ ਦੌਰਾਨ ਲੈਂਟਰ ਟੁੱਟ ਜਾਣ ਕਰਕੇ ਮਜ਼ਦੂਰ ਦੀ ਮੌਤ ਹੋ ਗਈ। ਉਹ ਇਸ ਮਕਾਨ ਦੀ ਦੂਜੀ ਮੰਜ਼ਿਲ ’ਤੇ ਸਥਿਤ ਲੈਂਟਰ ’ਤੇ ਹਥੌੜਾ ਮਾਰ ਰਿਹਾ ਸੀ। ਇਸ ਦੌਰਾਨ ਹੀ ਲੈਂਟਰ ਟੁੱਟ ਕੇ ਹੇਠਾਂ ਜਾ ਡਿੱਗਿਆ ਜਿਸ ਦੌਰਾਨ ਹੀ ਇਹ ਮਜ਼ਦੂਰ ਵੀ ਨਾਲ ਹੀ ਹੇਠਾਂ ਆ ਡਿੱਗਿਆ। 35 ਸਾਲਾ ਜੋਗਾ ਰਾਮ ਨਾਮ ਦਾ ਇਹ ਮ੍ਰਿਤਕ ਧਰਮਕੋਟ ਪਿੰਡ ਦਾ ਰਹਿਣ ਵਾਲ਼ਾ ਸੀ ਜਿਸ ਦੇ 2 ਬੱਚੇ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਹਰਭਜਨ ਸਿੰਘ ਦੇ ਘਰ ਵਾਪਰਿਆ। ਉਹ ਖੁਦ ਹੋਰ ਸ਼ਹਿਰ ਵਿਚ ਰਹਿੰਦਾ ਹੈ ਜਿਨ੍ਹਾਂ ਨੇ ਆਪਣਾ ਮਕਾਨ ਕਿਰਾਏ ’ਤੇ ਦਿੱਤਾ ਹੋਇਆ ਹੈ। ਪਰ ਮਕਾਨ ਦੀ ਛੱਤ ਖਰਾਬ ਹੋਣ ਕਰਕੇ ਹੁਣ ਮੁਰੰਮਤ ਕਰਵਾਈ ਜਾ ਰਹੀ ਸੀ।