ਪੱਤਰ ਪ੍ਰੇਰਕ
ਪਟਿਆਲਾ, 29 ਜੂਨ
ਵਿਧਾਨ ਸਭਾ ’ਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ-ਸਰਹਿੰਦ ਰੋਡ ਨੂੰ ਚਹੁੰ-ਮਾਰਗੀ ਕਰਨ ਬਾਰੇ ਪ੍ਰਸਤਾਵ ਸਬੰਧੀ ਮੁੱਦਾ ਚੁੱਕਿਆ। ਇਸ ਸੜਕ ’ਤੇ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਹਨ। ਇਸ ਸੜਕ ਦੇ ਪ੍ਰਾਜੈਕਟ ਬਾਰੇ ਸਵਾਲ ਕਰਦਿਆਂ ਵਿਧਾਇਕ ਕੋਹਲੀ ਨੇ ਪੁੱਛਿਆ ਕਿ ਇਸ ਸੜਕ ਨੂੰ ਚਹੁੰ-ਮਾਰਗੀ ਕਰਨ ਦੀ ਪ੍ਰਕਿਰਿਆ ਕਦੋਂ ਤੱਕ ਆਰੰਭ ਕੀਤੀ ਜਾਵੇਗੀ। ਇਸ ਸੁਆਲ ਦੇ ਜਵਾਬ ਵਿੱਚ ਸਬੰਧਤ ਮੰਤਰੀ ਹਰਭਜਨ ਸਿੰਘ ਈਟੀਓ ਨੇ ਜਵਾਬ ਦਿੱਤਾ ਕਿ ਪਟਿਆਲਾ-ਸਰਹਿੰਦ ਸੜਕ ਨੂੰ ਚਹੁੰ-ਮਾਰਗੀ ਕਰਨ ਲਈ 119.60 ਕਰੋੜ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਪ੍ਰਵਾਨਗੀ ਅਧੀਨ ਸੜਕ ਨੂੰ ਚਹੁੰ-ਮਾਰਗੀ ਕਰਨ ਦਾ ਕੰਮ ਡੇਢ ਸਾਲ ਸਾਲ ਦੀ ਮਿਆਦ ਨਾਲ ਅਲਾਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੜਕ ਮੁਕੰਮਲ ਕਰਨ ਲਈ ਜੰਗਲਾਤ ਵਿਭਾਗ ਅਤੇ ਬਿਜਲੀ ਵਿਭਾਗ ਕੋਲੋਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਇਸ ਕੰਮ ਅਧੀਨ ਭਾਖੜਾ ਨਿਰਵਾਣ ਬ੍ਰਾਂਚ ਨਹਿਰ ਉੱਪਰ ਵੀ ਸਟੀਲ ਬ੍ਰਿਜ ਬਣਾਉਣ ਦੀ ਵੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਡੇਢ ਸਾਲ ਦੀ ਮਿਆਦ ਨਾਲ ਇਹ ਕੰਮ ਅਲਾਟ ਕੀਤਾ ਜਾ ਚੁੱਕਾ ਹੈ, ਜਿਸ ਦੀ 14 ਅਗਸਤ 2023 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਐਗਰੀਮੈਂਟ ਮੁਤਾਬਿਕ ਅਜੇ ਕੰਮ ਡੇਢ ਸਾਲ ਦੇ ਸਮੇਂ ਨਾਲ ਅਲਾਟ ਕੀਤਾ ਗਿਆ ਹੈ, ਅਜੇ ਇਸ ਦੀ ਪੂਰੀ ਮਿਆਦ 14 ਅਗਸਤ 2023 ਨੂੰ ਹੋਣੀ ਹੈ।