ਬੀਰਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 26 ਅਪਰੈਲ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਅੱਜ ਬੀਡੀਪੀਓ ਦਫਤਰ ’ਚ ਪੰਚਾਇਤ ਅਫ਼ਸਰ ਬਲਦੇਵ ਸਿੰਘ ਨੂੰ ਮਿਲਿਆ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਧਰਮਪਾਲ ਸਿੰਘ ਜ਼ਿਲ੍ਹਾ ਆਗੂ ਜਗਦੀਪ ਸਿੰਘ ਦਰਸ਼ਨ ਸਿੰਘ ਅਤੇ ਜਰਨੈਲ ਸਿੰਘ ਜੈਲੀ ਨੇ ਕਿਹਾ ਕਿ ਬਲਾਕ ਸੁਨਾਮ ਦੇ ਕਈ ਪਿੰਡਾਂ ਵਿਚ ਪਿਛਲੇ ਕਈ ਸਾਲਾਂ ਤੋਂ ਸਾਂਝੇ ਤੌਰ ’ਤੇ ਅਨੁਸੂਚਿਤ ਜਾਤੀ ਖੇਤ ਮਜ਼ਦੂਰਾਂ ਵੱਲੋਂ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਠੇਕੇ ਉਪਰ ਲੈ ਕੇ ਖੇਤੀ ਕੀਤੀ ਜਾ ਰਹੀ ਹੈ।ਖੇਤ ਮਜ਼ਦੂਰ ਆਪਣੇ ਪਸ਼ੂਆਂ ਲਈ ਹਰਾ ਚਾਰਾ ਸਾਂਝੇ ਤੌਰ ’ਤੇ ਵਾਹੁੰਦੇ ਬੀਜਦੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਜ਼ਮੀਨ ਨੂੰ ਖੋਹਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ। ਹੁਣ ਜਦੋਂ ਪਿੰਡਾਂ ਦੇ ਖੇਤ ਮਜ਼ਦੂਰ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਕਣਕ ਅਤੇ ਤੂੜੀ ਇਕੱਠੀ ਕਰਨ ਵਿੱਚ ਰੁੱਝੇ ਹੋਏ ਹਨ ਤਾਂ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਇਸ ਜ਼ਮੀਨ ਨੂੰ ਖੋਹਣ ਲਈ 25 ਅਪਰੈਲ ਤੋਂ ਹੀ ਬੋਲੀਆਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲਾਂ ਬੀਡੀਪੀਓ ਵਿਭਾਗ ਵੱਲੋਂ 2 ਮਈ ਤੋਂ ਬੋਲੀਆਂ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਸੀ।ਇਸ ਸਾਰੇ ਮਸਲੇ ਸਬੰਧੀ ਅੱਜ ਪੰਚਾਇਤ ਅਫਸਰ ਬਲਦੇਵ ਸਿੰਘ ਨੂੰ ਮਿਲਿਆ। ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਜਲਦੀ ਹੀ ਮਸਲਾ ਬੀਡੀਪੀਓ ਜਸਵਿੰਦਰ ਸਿੰਘ ਬੱਗਾ ਦੇ ਧਿਆਨ ਵਿੱਚ ਲਿਆ ਕੇ ਮਸਲੇ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਰਵਿਦਾਸਪੁਰਾ ਟਿੱਬੀ ਸੁਨਾਮ ਅੰਦਰ ਗਲੀਆਂ ਨਾਲੀਆਂ ਦੇ ਬੰਦ ਪਏ ਕੰਮ ਨੂੰ ਚਲਾਉਣ ਦਾ ਭਰੋਸਾ ਦਿਵਾਇਆ।ਇਸ ਮੌਕੇ ਭੋਲਾ ਸਿੰਘ, ਬਿੱਕਰ ਸਿੰਘ, ਕਰਮਜੀਤ ਸਿੰਘ ਹਾਜ਼ਰ ਸਨ।