ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਸਤੰਬਰ
ਇਥੇ ਘਲੌੜੀ ਗੇਟ ਵਿੱਚ ਲੰਘੇ ਦਿਨ ਪ੍ਰਸ਼ਾਸਨ ਵੱਲੋਂ ਕੁਝ ਦੁਕਾਨਾਂ ਢਾਹ ਦਿੱਤੀਆਂ ਗਈਆਂ ਸਨ। ਇਹ ਮੁੱਦਾ ਹੁਣ ਕਾਫ਼ੀ ਜ਼ੋਰ ਫੜ ਗਿਆ ਹੈ। ਇਸ ਮਾਮਲੇ ਵਿਚ ਅੱਜ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਆਪਣਾ ਪੱਖ ਰੱਖਿਆ ਹੈ।
ਇਸ ਸਬੰਧ ਵਿੱਚ ਰਸਮੀ ਤੌਰ ’ਤੇ ਰੱਖੀ ਪੱਤਰਕਾਰ ਮਿਲਣੀ ਦੌਰਾਨ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਲੋਕ ਕਾਂਗਰਸ ਦੇ ਗਠਨ ਤੋਂ ਬਾਅਦ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਜੋਗੀ ਆਪਸ ਵਿੱਚ ਪਾਟੋ ਧਾੜ ਹੋ ਗਏ ਸਨ। ਕਾਂਗਰਸ ਪਾਰਟੀ ਦਾ ਹਿੱਸਾ ਰਹੇ ਯੋਗਿੰਦਰ ਸਿੰਘ ਯੋਗੀ ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ ਨਾਜਾਇਜ਼ ਕਬਜ਼ਾਧਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ। ਇਸ ਕਾਰਵਾਈ ਤੋਂ ਡਰਦੇ ਹੋਏ ਕੌਂਸਲਰ ਸੋਨੀਆ ਕਪੂਰ ਅਤੇ ਉਸ ਦੇ ਪਤੀ ਹਰੀਸ਼ ਕਪੂਰ ਨੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਜਿੱਥੋਂ ਅਦਾਲਤ ਵੱਲੋਂ ਉਨ੍ਹਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਸੀ। ਇਸ ਉਪਰੰਤ ਪ੍ਰਸ਼ਾਸਨ ਵੱਲੋਂ ਘਲੋੜੀ ਗੇਟ ਅਤੇ ਸਨੌਰੀ ਅੱਡਾ ਵਿੱਚ ਧਾਰਮਿਕ ਡੇਰਿਆਂ ਦੀ ’ਤੇ ਥਾਂ ’ਤੇ ਉਸਾਰੀਆਂ ਗਈਆਂ ਨਾਜਾਇਜ਼ ਦੁਕਾਨਾਂ ਨੂੰ ਢਾਹ-ਢੇਰੀ ਕਰ ਦਿੱਤਾ ਗਿਆ ਸੀ। ਇਸ ਮੌਕੇ ਲੋਕ ਸਭਾ ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਸੂਬਾ ਸਕੱਤਰ ਜਰਨੈਲ ਸਿੰਘ ਮੰਨੂ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਮੌਜੂਦ ਸਨ।
ਦੱਸਣਯੋਗ ਹੈ ਕਿ ਪਟਿਆਲਾ ਵਿੰਚ ਬੀਤੇ ਦਿਨ ਢਾਹੀਆਂ ਗਈਆਂ ਗਈਆਂ ਦੁਕਾਨਾਂ ਬਾਰੇ ਪੂਰੇ ਸ਼ਹਿਰਅ ਵਿੱਚ ਚਰਚਾ ਹੋ ਰਹੀ ਹੈ। ਇਸੇ ਦੌਰਾਨ ਲੋਕਾਂ ਵੱਲੋਂ ਵੱਖ ਵੱਖ ਵਿਚਾਰ ਪੇਸ਼ ਕੀਤੇ ਜਾ ਰਹੇ ਹਨ ਜੋ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
‘ਆਪ’ ਤੇ ਪੀਐਲਸੀ ਆਗੂਆਂ ’ਚ ਸ਼ਬਦੀ ਜੰਗ ਸ਼ੁਰੂ
ਪਟਿਆਲਾ (ਸਰਬਜੀਤ ਸਿੰਘ ਭੰਗੂ): ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਬੀਤੇ ਦਿਨ ਇਥੇ ਸੀਆਈਏ ਸਟਾਫ਼ ਦੇ ਨਜ਼ਦੀਕ ਬਣੀਆਂ ਅੱਧੀ ਦਰਜਨ ਦੁਕਾਨਾਂ ਨੂੰ ਢਾਹੁਣ ਉਪਰੰਤ ‘ਆਪ’ ਅਤੇ ਪੀਐਲਸੀ ਆਗੂਆਂ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਦੁਕਾਨਾਂ ਢਾਹੁਣ ਤੋਂ ਤੁਰੰਤ ਬਾਅਦ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਅਤੇ ਢਾਹੀਆਂ ਗਈਆਂ ਦੁਕਾਨਾਂ ਵਿਚੋਂ ਇੱਕ ਦੇ ਮਾਲਕ ਹਰੀਸ਼ ਕਪੂਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ‘ਆਪ’ ਦੇ ਸ਼ਹਿਰੀ ਪ੍ਰ੍ਰਧਾਨ ਤੇਜਿੰਦਰ ਮਹਿਤਾ ’ਤੇ ਵੀ ਕਥਿਤ ਰੂਪ ’ਚ ਸਰਕਾਰੀ ਥਾਂ ’ਤੇ ਕਥਿਤ ਨਾਜਾਇਜ਼ ਕਬਜ਼ੇ ਦੇ ਦੋਸ਼ ਲਾਏ ਗਏ ਸਨ। ਇਸ ਸਬੰਧੀ ਹਰੀਸ਼ ਕਪੂਰ ਵੱੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਕਾਇਦਾ ਪੱਤਰ ਵੀ ਲਿਖਿਆ ਗਿਆ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਵੱਲੋਂ ਨਗਰ ਨਿਗਮ ਦੀ ਥਾਂ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰਕੇ ਆਪਣਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਪੀਐੱਲਸੀ ਦੇ ਆਗੂਆਂ ਵੱਲੋਂ ਇਹ ਪ੍ਰੈਸ ਕਾਨਫਰੰਸ ‘ਆਪ’ ਆਗੂ ਤੇਜਿੰਦਰ ਮਹਿਤਾ ਦੇ ਘਰ ਦੇ ਨਜ਼ਦੀਕ ਹੀ ਜਾ ਕੇ ਕੀਤੀ ਸੀ। ਉਧਰ ਪੀਐੱਲਸੀ ਆਗੂਆਂ ਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਲਈ ਹੀ ਅੱਜ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਦੂਜੇ ਬੰਨ੍ਹੇ ਪੀਐੱਲਸੀ ਦੇ ਆਗੂ ਅਤੇ ਪੀਐੱਲਸੀ ਦੀ ਹੀ ਮਹਿਲਾ ਕੌਸਲਰ ਸੋਨੀਆ ਕਪੂਰ ਦੇ ਪਤੀ ਹਰੀਸ਼ ਕਪੂਰ ਨੇ ਸ੍ਰੀ ਮਹਿਤਾ ’ਤੇ ਲਾਏ ਗਏ ਦੋਸ਼ ਅੱਜ ਫੇਰ ਦੁਹਰਾਏ ਹਨ। ਮਹਿਤਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ’ਤੇ ਟਿੱਪਣੀ ਕਰਦਿਆਂ ਹਰੀਸ਼ ਕਪੂਰ ਦਾ ਤਰਕ ਸੀ ਕਿ ਜੇਕਰ ਉਨ੍ਹਾਂ ਵੱਲੋਂ ਤੇਜਿੰਦਰ ਮਹਿਤਾ ਵੱਲੋਂ ਨਗਰ ਨਿਗਮ ਦੀ ਥਾਂ ’ਤੇ ਕਬਜ਼ਾ ਕੀਤਾ ਹੋਣ ਦਾ ਉਠਾਇਆ ਗਿਆ ਮਾਮਲਾ ਗਲਤ ਹੈ, ਤਾਂ ਸ੍ਰੀ ਮਹਿਤਾ ਨੂੰ ਚਾਹੀਦਾ ਸੀ ਕਿ ਉਹ ਅੱਜ ਦੀ ਪ੍ਰੈਸ ਕਾਨਫਰੰਸ ਦੌਰਾਨ ਆਪਣੀਆਂ ਇਨ੍ਹਾਂ ਇਮਾਰਤਾਂ ਦੇ ਦਸਤਾਵੇਜ਼ੀ ਸਬੂਤ ਇਸ ਪ੍ਰੈਸ ਕਾਨਫਰੰਸ ’ਚ ਪੇਸ਼ ਕਰਦੇ। ਇਸੇ ਦੌਰਾਨ ਹਰੀਸ਼ ਕਪੂਰ ਦਾ ਕਹਿਣਾ ਹੈ ਕਿ ਜੇਕਰ ਮਹਿਤਾ ਵੱਲੋਂ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਕੀਤੇ ਗਏ ਦਾਅਵੇ ਸਹੀ ਹਨ, ਤਾਂ ਉਹ ਇਨ੍ਹਾਂ ਇਮਾਰਤਾਂ ਦੇ ਦਸਤਾਵੇਜ਼ ਫੇਸਬੁੱਕ ਜਾਂ ਸ਼ੋਸਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਲੋਕਾਂ ਦੇ ਸਨਮੁਖ ਕਰਨ। ਇਸੇ ਦੌਰਾਨ ਹਰੀਸ਼ ਕਪੂਰ ਵੱੱਲੋਂ ਤੇਜਿੰਦਰ ਮਹਿਤਾ ਬਾਬਤ ਮੁੱਖ ਮੰਤਰੀ ਅਤੇ ਹੋਰ ਵਿਭਾਗਾਂ ਨੂੰ ਲਿਖੇ ਗਏ ਪੱਤਰ ਦੀ ਕਾਪੀ ਅੱਜ ਮੀਡੀਆ ਨੂੰ ਵੀ ਜਾਰੀ ਕੀਤੀ ਗਈ ਜਿਸ ’ਚ ਉਨ੍ਹਾਂ ਨੇ ਤੇਜਿੰਦਰ ਮਹਿਤਾ ’ਤੇ ਨਗਰ ਨਿਗਮ ਦੀ ਮਾਲਕੀ ਵਾਲੀ ਥਾਂ ’ਤੇ ਕਥਿਤ ਕਬਜ਼ੇ ਸਮੇਤ ਇਸ ਥਾਂ ’ਤੇ ਬਣਾਈ ਗਈ ਇਮਾਰਤ ਦਾ ਨਕਸ਼ਾ ਤੱਕ ਵੀ ਪਾਸ ਨਾ ਕਰਵਾਏ ਹੋਣ ਦੇ ਇਲਜ਼ਾਮ ਲਾਏ ਹਨ। ਹਰੀਸ਼ ਕਪੂਰ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ‘ਆਪ’ ਸਰਕਾਰ ਨਿਰਪੱਖਤਾ ਦਾ ਰਾਗ ਅਲਾਪ ਰਹੀ ਹੈ। ਦੂਜੇ ਪਾਸੇ ਸਿਆਸੀ ਬਦਲਾਖੋਰੀ ’ਤੇ ਉਤਰ ਆਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਸਮੇਤ ਕੁਝ ਹੋਰਨਾਂ ਦੀਆਂ ਦੁਕਾਨਾ ’ਤੇ ਵੀ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਫੇਰ ਦਿੱਤਾ ਗਿਆ ਸੀ ਪਰ ‘ਆਪ’ ਆਗੂਆਂ ਸਮੇਤ ਅਨੇਕਾਂ ਹੋਰਨਾਂ ਵੱਲੋਂ ਕੀਤੇ ਗਏ ਨਾਜਾਇਜ ਕਬਜ਼ਿਆਂ ਪ੍ਰਤੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅੱਖਾਂ ਮੀਟੀਆਂ ਹੋਈਆਂ ਹਨ। ਜਿਕਰਯੋਗ ਹੈ ਕਿ ਦੁਕਾਨਾ ਢਾਹੁਣ ਦੀ ਕਾਰਵਾਈ ਦੇ ਖ਼ਿਲਾਫ਼ ਜਿਥੇ ਕੱਲ੍ਹ ਪੀਐੱਲਸੀ ਦੇ ਆਗੂ ਅਤੇ ਮੇਅਰ ਸੰਜੀਵ ਬਿੱਟੂ ਦੀ ਅਗਵਾਈ ਹੇਠ ਪੀਐਲਸੀ ਦੇ ਕਈ ਕੌਂਸਲਰਾਂ ਤੇ ਕਾਰਕੁਨਾਂ ਨੇ ਦੁਕਾਨਾ ਢਾਹੁਣ ਵਾਲੀ ਥਾਂ ’ਤੇ ਧਰਨਾ ਦੇ ਕੇ ਇਸ ਕਾਰਵਾਈ ਨੂੰ ਪੱਖਪਾਤੀ ਕਰਾਰ ਦਿੱਤਾ ਸੀ, ਉਥੇ ਹੀ ਪ੍ਰੈਸ ਬਿਆਨ ਜਾਰੀ ਕਰਕੇ ਸੰਸਦ ਮੈਂਬਰ ਪਰਨੀਤ ਕੌਰ ਨੇ ਵੀ ਬਿਆਨ ਜਾਰੀ ਕਰਕੇ ਸਰਕਾਰ ’ਤੇ ਸਿਆਸੀ ਬਦਲਾਖੋਰੀ ’ਤੇ ਉਤਰ ਆਉਣ ਦੇ ਇਲਜ਼ਾਮ ਲਾਏ ਸਨ।