ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਇਲਾਕੇ ਦੇ ਵਸਨੀਕ ਤੇ ਪੱਤਰਕਾਰ ਭੂਪਿੰਦਰ ਸਿੰਘ ਭੂਪੀ ਦਾ ਅੱਜ ਦੇਹਾਂਤ ਹੋ ਗਿਆ ਹੈ। ਬੀਤੀ ਸ਼ਾਮ ਪਿੰਡ ਬਹਿਲ ਨੇੜੇ ਮੋਟਰਸਾਈਕਲ ’ਤੇ ਪਟਿਆਲਾ ਜਾਂਦੇ ਸਮੇਂ ਉਨ੍ਹਾਂ ਨਾਲ ਹਾਦਸਾ ਵਾਪਰਿਆ ਸੀ। ਅੱਜ ਦੁਪਹਿਰ ਵੇਲੇ ਇਲਾਜ ਦੌਰਾਨ ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਆਖ਼ਰੀ ਸਾਹ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੂਪਿੰਦਰ ਸਿੰਘ ਬੀਤੀ ਸ਼ਾਮ ਦੇਵੀਗੜ੍ਹ ਤੋਂ ਪਟਿਆਲਾ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸੇ ਦੌਰਾਨ ਪਿੰਡ ਬਹਿਲ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਟਰੈਕਟਰ-ਟਰਾਲੀ ਵਿੱਚ ਵੱਜਣ ਕਾਰਨ ਉਹ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਅੱਜ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ’ਤੇ ਸਾਬਕਾ ਚੇਅਰਮੈਨ ਲਾਲ ਸਿੰਘ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਹਰਿੰਦਰਪਾਲ ਸਿੰਘ ਹੈਰੀਮਾਨ, ਜੋਗਿੰਦਰ ਸਿੰਘ ਕਾਕੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਡਾ. ਗੁਰਮੀਤ ਸਿੰਘ ਬਿੱਟੂ, ਹਰਦੇਵ ਸਿੰਘ ਘੜਾਮ, ਗੁਰਨਾਮ ਸਿੰਘ ਸਰਪੰਚ ਤੇ ਹੋਰਨਾਂ ਨੇ ਦੁੱਖ ਦਾ ਪ੍ਰਗਟਟਾਵਾ ਕੀਤਾ ਹੈ।