ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਸਤੰਬਰ
ਪਿਛਲੀ ਕਣਕ ਦੀ ਫ਼ਸਲ ਵਾਂਗ ਹੁਣ ਜਦੋਂ ਝੋਨੇ ਦੀ ਫਸਲ ਪੱਕਣ ’ਤੇ ਆਈ ਹੈ ਤਾਂ ਵਧਿਆ ਤਾਪਮਾਨ ਪਹਿਲਾਂ ਤੋਂ ਆਰਥਿਕ ਮੰਦਹਾਲੀ ਦੀ ਮਾਰ ਝੱਲਦੀ ਕਿਰਸਾਨੀ ਨੂੰ ਹੋਰ ਪ੍ਰਭਾਵਿਤ ਕਰ ਸਕਦਾ ਹੈ। ਇਸ ਕਾਰਨ ਕਿਸਾਨਾਂ ਨੂੰ ਕਣਕ ਵਾਂਗ ਝੋਨੇ ਦੀ ਫਸਲ ਦਾ ਝਾੜ ਘੱਟ ਨਿਕਲਣ ਦਾ ਖ਼ਦਸ਼ਾ ਹੈ। ਦੂਸਰੇ ਪਾਸੇ ਖੇਤੀ ਮਾਹਰਾਂ ਨੇ ਝੋਨੇ ਦੀ ਫਸਲ ਭਰਪੂਰ ਹੋਣ ਦਾ ਦਾਅਵਾ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਵਧਿਆ ਤਾਪਮਾਨ ਝੋਨੇ ਦੀ ਫਸਲ ਨੂੰ ਪ੍ਰਭਾਵਿਤ ਨਹੀਂ ਕਰ ਸਕੇਗਾ। ਹਲਕਾ ਸ਼ੁਤਰਾਣਾ ਦੇ ਪਿੰਡ ਕਾਠ ਦੇ ਕਿਸਾਨ ਸੁਰਜੀਤ ਸਿੰਘ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਝੋਨੇ ਦੀ ਫ਼ਸਲ ਦੇ ਪੱਕਣ ਕਾਰਨ ਦਾਣੇ ਥੋਥੇ ਰਹਿਣ ਕਰਕੇ ਝਾੜ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਅਗੇਤੀਆਂ ਕਿਸਮਾਂ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਜੇ ਇਸੇ ਤਰ੍ਹਾਂ ਪਾਰਾ ਉੱਚਾ ਰਿਹਾ ਤਾਂ ਝੋਨੇ ਦੀਆਂ ਪਛੇਤੀਆਂ ਕਿਸਮਾਂ ਦਾ ਵੀ ਝਾੜ ਘਟ ਸਕਦਾ ਹੈ। ਪਿੰਡ ਸ਼ੁਤਰਾਣਾ ਦੇ ਬਲਬੀਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਜੇ ਝੋਨੇ ਦੀ ਫਸਲ ਗਰਮੀ ਤੋਂ ਪ੍ਰਭਾਵਤ ਹੋਈ ਤਾਂ ਕਿਸਾਨ ਦਾ ਉੱਠ ਸਕਣਾ ਨਾਮੁਮਕਿਨ ਹੈ । ਪਿੰਡ ਡਰੋਲੀ ਦੇ ਡਾ. ਜੁਝਾਰ ਸਿੰਘ ਅਨੁਸਾਰ ਦਿਨ ਦਾ ਤਾਪਮਾਨ ਜ਼ਿਆਦਾ ਹੋਣ ਕਰਕੇ ਫ਼ਸਲਾਂ ’ਤੇ ਅਸਰ ਦਿੱਖਣ ਲੱਗ ਪਿਆ ਹੈ। ਉਧਰ, ਅੱਜ ਕਈ ਥਾਈਂ ਮੀਂਹ ਪੈਣ ਕਾਰਨ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ।
ਸਮੁੱਚੀ ਸਥਿਤੀ ਕੰਟਰੋਲ ਹੇਠ: ਡਾਇਰੈਕਟਰ
ਖੇਤੀਬਾੜੀ ਡਾਇਰੈਕਟਰ ਗੁਰਬਿੰਦਰ ਸਿੰਘ ਨੇ ਕਿਹਾ ਕਿ ਕੁੱਝ ਥਾਵਾਂ ’ਤੇ ਝੋਨਾ ਪੀਲਾ ਜ਼ਰੂਰ ਪਿਆ ਹੈ ਅਤੇ ਕੁਝ ਖੇਤਰਾਂ ਵਿਚ ਚੀਨੀ ਵਾਇਰਸ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਿਆ ਹੈ ਪਰ ਝੋਨੇ ਦਾ ਝਾੜ ਘਟਣ ਦਾ ਫ਼ਿਲਹਾਲ ਕੋਈ ਅਨੁਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵਾਇਰਸ ਦਾ ਹੱਲਾ ਸੀ, ਉੱਥੇ ਮਾਹਿਰਾਂ ਦੀਆਂ ਟੀਮਾਂ ਖੇਤ ਦੇਖ ਚੁੱਕੀਆਂ ਹਨ। ਸਮੁੱਚੀ ਸਥਿਤੀ ਕੰਟਰੋਲ ਹੇਠ ਹੈ। ਜੇ ਤਾਪਮਾਨ ਇਸੇ ਤਰ੍ਹਾਂ ਬਣਿਆ ਰਿਹਾ ਤਾਂ ਫਿਰ ਅਸਰ ਪੈੈਣ ਦਾ ਡਰ ਹੈ।