ਗੁਰਨਾਮ ਸਿੰਘ ਅਕੀਦਾ
ਪਟਿਆਲਾ, 15 ਫਰਵਰੀ
ਪਟਿਆਲਾ ਸ਼ਹਿਰ ਵਿਚ 65 ਫ਼ੀਸਦੀ ਵੋਟ ਦਾ ਦਾਅਵਾ ਕਰਨ ਵਾਲੇ ਹਿੰਦੂ ਲੀਡਰ ਅੱਜ ਕੱਲ੍ਹ ਵੱਖ ਵੱਖ ਪਾਰਟੀਆਂ ਵਿਚ ਸ਼ੁਮਾਰ ਹਨ। ਸ਼ਿਵ ਸੈਨਾ (ਹਿੰਦੁਸਤਾਨ) ਦੇ ਪ੍ਰਧਾਨ ਪਵਨ ਗੁਪਤਾ ਦਾਅਵਾ ਕਰਦੇ ਹਨ ਕਿ ਸ਼ਿਵ ਸੈਨਾ ਦੀ ਪੰਜਾਬ ਵਿਚ ਇਕ ਫ਼ੀਸਦੀ ਤੋਂ ਵੱਧ ਵੋਟ ਹੈ, ਪਟਿਆਲਾ ਸ਼ਹਿਰ ਵਿਚ ਇਸ ਤੋਂ ਕਿਤੇ ਵੱਧ ਹੈ। ਉਨ੍ਹਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ। ਸ਼ਿਵ ਸੈਨਾ ਪੰਜਾਬ ਦਾ ਸਮਰਥਨ ਪੰਜਾਬ ਲੋਕ ਕਾਂਗਰਸ ਤੇ ਬੀਜੇਪੀ ਨੂੰ ਜਾਂਦਾ ਹੈ। ਸ਼ਿਵ ਸੈਨਾ ਵਾਲੇ ਵਿਜੈ ਕਪੂਰ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇ ਚੁੱਕੇ ਹਨ। ਸ਼ਿਵ ਸੈਨਾ (ਬਾਲਠਾਕਰੇ) ਦੇ ਮੁਖੀ ਹਰੀਸ਼ ਸਿੰਗਲਾ ਨੇ ਕਿਹਾ ਹੈ ਕਿ ਪਟਿਆਲਾ ਸ਼ਹਿਰ ਵਿਚ ਹਿੰਦੂਆਂ ਦੀ 90 ਹਜ਼ਾਰ ਦੇ ਕਰੀਬ ਵੋਟ ਹੈ, ਐੱਸਸੀਆਂ ਦੀ 24 ਹਜ਼ਾਰ ਵੱਖਰੀ ਹੈ। ਜੇਕਰ ਇਕੱਠੇ ਹੋ ਜਾਈਏ ਤਾਂ ਪਟਿਆਲੇ ਦਾ ਇਤਿਹਾਸ ਬਦਲ ਸਕਦੇ ਹਾਂ, ਪਰ ਇੱਕਮੁੱਠ ਨਹੀਂ ਹਾਂ, ਉਨ੍ਹਾਂ ਕਿਹਾ ਕਿ ਸਾਡਾ ਵੀ ਕਾਂਗਰਸ ਵੱਲ ਹੀ ਸਮਰਥਨ ਹੋਵੇਗਾ। ਇਸੇ ਤਰ੍ਹਾਂ ਹਿੰਦੂ ਸੁਰੱਖਿਆ ਸਮਿਤੀ (ਜੂਨਾ ਅਖਾੜਾ, ਹਿੰਦੂ ਮੱਠ) ਦੇ ਮੁਖੀ ਪੰਚਾ ਨੰਦ ਗਿਰੀ ਨੇ ਸਿੱਧੇ ਤੌਰ’ ਤੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ। ਬਜਰੰਗ ਦਲ (ਪੰਜਾਬ) ਅਤੇ ਹਿੰਦੂ ਵੈੱਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀ ਕਾਂਤ ਨੇ ਕਿਹਾ ਕਿ ਸਾਡੀਆਂ ਹਿੰਦੂਆਂ ਦੀਆਂ ਮੰਗਾਂ ਹਨ। ਇਨ੍ਹਾਂ ਵਿੱਚੋਂ ਮੰਦਰਾਂ ਤੇ ਸਰਕਾਰੀ ਦਖ਼ਲ ਬੰਦ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸਾਨੂੰ ਹਲਫ਼ੀਆ ਬਿਆਨ ਦਿੱਤਾ ਹੈ, ਇਸ ਕਰਕੇ ਅਸੀਂ ਬਜਰੰਗ ਦਲ ਨੇ ਆਪਣਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਹੈ। ਪਟਿਆਲਾ ਸ਼ਹਿਰੀ ਵਿਚ ਆਰਐੱਸਐਸ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵੀ ਕਾਫ਼ੀ ਮੈਂਬਰ ਹਨ ਉਨ੍ਹਾਂ ਦਾ ਸਮਰਥਨ ਆਰਐੱਸਐੱਸ ਦੇ ਹੁਕਮਾਂ ਅਨੁਸਾਰ ਭਾਜਪਾ ਦੇ ਗੱਠਜੋੜ ਦੇ ਉਮੀਦਵਾਰ ਕੈਪ. ਅਮਰਿੰਦਰ ਸਿੰਘ ਵੱਲ ਹੀ ਹੈ। ਇਸੇ ਤਰ੍ਹਾਂ ਭਾਜਪਾ ਦੇ ਮੌਜੂਦਾ ਪ੍ਰਧਾਨ ਹਰਿੰਦਰ ਕੋਹਲੀ, ਸਾਬਕਾ ਡਿਪਟੀ ਮੇਅਰ ਅਨਿਲ ਬਜਾਜ, ਸਾਬਕਾ ਜ਼ਿਲ੍ਹਾ ਪ੍ਰਧਾਨ ਬਲਵੰਤ ਰਾਏ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਦਾ ਫ਼ੈਸਲਾ ਹੈ ਕਿ ਉਹ ਤਾਂ ਇਸ ਵਾਰ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਸਮਰਥਨ ਦੇਣਗੇ।