ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 31 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਰਾਘੋ ਮਾਜਰਾ ਸਰਕਲ ਸ਼ਹਿਰੀ ਦੇ ਪ੍ਰਧਾਨ ਅਕਾਸ਼ ਸ਼ਰਮਾ ਬਾਕਸਰ ਦੀ ਅਗਵਾਈ ਹੇਠ ਅੱਜ ਮੁਹੱਲੇ ਦੇ ਮਕਾਨਾਂ ਨੂੰ ਤਰੇੜਾਂ ਆਉਣ ਦੇ ਰੋਸ ਵਜੋਂ ਪੰਜਾਬ ਸਰਕਾਰ, ਠੇਕੇਦਾਰ ਤੇ ਨਗਰ ਨਿਗਮ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਮੁਹੱਲਾ ਵਾਸੀਆਂ ਦਾ ਸ਼ਿਕਵਾ ਹੈ ਕਿ ਸਰਕਾਰ ਵੱਲੋ ਹੈਰੀਟੇਜ ਸਟਰੀਟ ਦੇ ਵਿਕਾਸ ਦੇ ਨਾਂ ‘ਤੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ।
ਹੈਰੀਟੇਜ ਸਟਰੀਟ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਵਜ਼ਾ ਪਾਣੀ, ਸੀਵਰੇਜ ਦੇ ਕੁਨੈਕਸ਼ਨ ਕੱਟੇ ਨੂੰ ਕਈ ਦਿਨ ਦਿਨ ਹੋ ਗਏ ਤੇ ਅੱਗੇ ਤੋਂ ਵੀ ਜਲਦੀ ਜਲਦੀ ਠੀਕ ਹੋਣ ਦੀ ਕੋਈ ਉਮੀਦ ਨਹੀਂ। ਵੱਡੀ ਸਮੱਸਿਆ ਇਹ ਹੈ ਕਿ ਠੇਕੇਦਾਰ ਵੱਲੋਂ ਜੋ ਸੀਵਰੇਜ ਦੇ ਪਾਈਪ ਪਾਏ ਜਾ ਰਹੇ ਹਨ। ਉਸ ਨਾਲ ਪਾਣੀ ਵਾਲੀ ਪਾਈਪਾਂ ਟੁੱਟ ਰਹੀਆਂ ਹਨ ਤੇ ਪਾਣੀ ਲੋਕਾਂ ਦੀ ਨੀਂਹਾਂ ਵਿੱਚ ਜਾਣ ਲਗ ਗਿਆ। ਹੈਰੀਟੇਜ ਸਟਰੀਟ ਦੇ ਵਿਕਾਸ ਲਈ ਮਿੱਟੀ ਪੁੱਟੀ ਹੋਈ ਹੋਣ ਕਾਰਨ ਮਕਾਨਾਂ ਦੀਆਂ ਨੀਹਾਂ ਨੰਗੀਆਂ ਤੇ ਖਤਰੇ ਹੇਠ ਹਨ। ਇਸ ਕਾਰਨ ਲੋਕਾਂ ਦੇ ਮਕਾਨਾਂ ਦੀਆਂ ਨੀਹਾਂ ਖਿਸਕਣ ਲੱਗੀਆਂ ਹਨ ਤੇ ਦੀਵਾਰਾਂ ਵਿੱਚ ਵੀ ਤਰੇੜਾਂ ਪੈਣ ਤੋਂ ਪੀੜਤ ਲੋਕਾਂ ’ਚ ਗੁੱਸਾ ਵਧ ਰਿਹਾ ਹੈ। ਪ੍ਰਧਾਨ ਬਾਕਸਰ ਨੇ ਦੱਸਿਆ ਕਿ ਪੀੜਤ ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਠੇਕੇਦਾਰ ਨਾਲ ਇਸ ਨੂੰ ਠੀਕ ਕਰਨ ਬਾਰੇ ਗੱਲ ਕੀਤੀ ਗਈ ਤਾਂ ਠੇਕੇਦਾਰ ਲੋਕਾਂ ਨਾਲ ਗੱਲਬਾਤ ਕਰਨ ਲਈ ਹੀ ਰਾਜ਼ੀ ਨਹੀ ਹੋਇਆ, ਉਲਟਾ ਆਪਣੀ ਦਲੀਲ ’ਤੇ ਬਜਿੱਦ ਰਿਹਾ।
ਇਸ ਦੇ ਵਿਰੋਧ ਵਿੱਚ ਮੁਹੱਲਾ ਵਾਸੀਆਂ ਵਲੋਂ ਠੇਕੇਦਾਰ ਨੂੰ ਕੰਮ ਬੰਦ ਕਰਕੇ ਉੱਥੋਂ ਭਜਾਉਣ ਲਈ ਮਜ਼ਬੂਰ ਹੋਣਾ ਪਿਆ। ਸਰਕਲ ਪ੍ਰਧਾਨ ਅਕਾਸ਼ ਬਾਕਸਰ ਨੇ ਪ੍ਰਦਰਸ਼ਨ ਦੀ ਅਗਵਾਈ ਦੌਰਾਨ ਦੱਸਿਆ ਕਿ ਲੋਕਾਂ ਦੀ ਮੰਗ ਹੈ ਕਿ ਸਰਕਾਰ ਦੇ ਨੁਮਾਇੰਦੇ ਤੇ ਕਾਰਪੋਰੇਸ਼ਨ ਦੇ ਉੱਚ ਅਧੀਕਾਰੀ ਇਥੇ ਆ ਕੇ ਦੇਖਣ ਕਿ ਲੋਕ ਕਿਸ ਹਲਾਤਾਂ ਵਿੱਚ ਜਿੰਦਗੀ ਜੀਅ ਰਹੇ ਹਨ। ਮੌਕੇ ’ਤੇ ਠੇਕੇਦਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਅਸਲ ’ਚ ਨਿਗਮ ਵਿਰੋਧੀ ਕੁਝ ਸਿਆਸੀ ਲੋਕ ਮਾਹੌਲ ਨੂੰ ਬੇਵਜ਼ਾ ਤੂਲ ਦੇ ਰਹੇ ਹਨ, ਜਦੋਂਕਿ ਵਿਕਾਸ ਕਾਰਜ ਤਕਨੀਕੀ ਲਿਹਾਜ਼ ਤੋਂ ਸਹੀ ’ਤੇ ਤੇਜੀ ਨਾਲ ਚੱਲ ਰਹੇ ਹਨ।