ਰਵੇਲ ਸਿੰਘ ਭਿੰਡਰ
ਪਟਿਆਲਾ, 4 ਅਪਰੈਲ
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇਥੇ ਬੀ.ਐੱਸ.ਐੱਨ.ਐਲ ਟਾਵਰ ’ਤੇ ਦੋਵੇਂ ਬੇਰੁਜ਼ਗਾਰ ਅਧਿਆਪਕ ਅੱਜ ਪੰਦਰਵੇਂ ਦਿਨ ਵੀ ਡਟੇ ਰਹੇ। ਭਾਵੇਂ ਰੁਜ਼ਗਾਰ ਪ੍ਰਾਪਤੀ ਤੇ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਟਾਵਰ ’ਤੇ ਡੇਰਾ ਲਗਾਈ ਬੈਠੇ ਦੋਵੇਂ ਸੰਘਰਸ਼ੀ ਕਾਰਕੁਨਾਂ ਦੀ ਸਿਹਤ ਦਿਨ-ਬ-ਦਿਨ ਵਿਗੜ ਰਹੀ ਹੈ, ਪ੍ਰੰਤੂ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਹਾਲੇ ਤਾਈਂ ਮਾਮਲੇ ਦੇ ਹੱਲ ਲਈ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਸਕਿਆ, ਜਿਸ ਨਾਲ ਪੰਜਾਬ ਭਰ ਅੰਦਰ ਬੇਰੁਜ਼ਗਾਰ ਅਧਿਆਪਕਾਂ ’ਚ ਰੋਸ ਹੈ।
ਟਾਵਰ ਸੰਘਰਸ਼ੀ ਕਾਰਕੁਨਾਂ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਬੇਰੁਜ਼ਗਾਰਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਜੋ ਵਾਅਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਲੈਣ ਲਈ ਘਰ ਘਰ ਨੌਕਰੀ ਦੇਣ ਦਾ ਕੀਤਾ ਸੀ, ਉਸ ਦੇ ਹੁਣ ਚੀਥੜੇ ਉਡ ਚੁੱਕੇ ਹਨ। ਸਰਕਾਰ ਨੂੰ ਆਪਣੇ ਵਾਅਦਿਆਂ ’ਤੇ ਸ਼ਰਮ ਨਹੀਂ ਆ ਰਹੀ ਉਲਟਾ ਉਹ ਹੁਣ ਢੀਠ ਹੀ ਹੋ ਚੁੱਕੀ ਹੈ। ਹੁਣ ਸਰਕਾਰ ਨੂੰ ਟਾਵਰ ’ਤੇ ਚੜ੍ਹੇ ਬੇਰੁਜ਼ਗਾਰ ਵੀ ਨਹੀਂ ਦਿੱਸ ਰਹੇ, ਲਿਹਾਜ਼ਾ ਅੱਜ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਸਰਕਾਰ ਬੇਰੁਜ਼ਗਾਰੀ ਤੋਂ ਜਿਵੇਂ ਝੱਗਾ ਹੀ ਚੁੱਕੀ ਬੈਠੀ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਵਿਰੋਧੀ ਧਿਰਾਂ ਦਾ ਵੀ ਬੇਰੁਜ਼ਗਾਰਾਂ ਦੇ ਸੰਘਰਸ਼ ਵੱਲ ਧਿਆਨ ਨਹੀਂ ਹੈ। ਉਨ੍ਹਾਂ 10000 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਦੀ ਨਵੀਂ ਭਰਤੀ ਦਾ ਤੁਰੰਤ ਇਸ਼ਤਿਹਾਰ ਜਾਰੀ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਮੁੱਖ ਮੰਤਰੀ ਦੇ ਆਪਣੇ ਜੱਦੀ ਸ਼ਹਿਰ ਪਟਿਆਲਾ ਤੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ’ਚ ਬੇਰੁਜ਼ਗਾਰ ਅਧਿਆਪਕ ਰੁਜ਼ਗਾਰ ਦੇ ਵਸੀਲਿਆਂ ਲਈ ਤੜਪ ਰਹੇ ਹਨ, ਟਾਵਰਾਂ ‘ਤੇ ਚੜਣ ਲਈ ਮਜਬੂਰ ਹਨ। ਪ੍ਰੰਤੂ ਕੋਈ ਵੀ ਸਰਕਾਰੀ ਅਥਾਰਟੀ ਨੂੰ ਮਹੀਨਿਆਂ ਬੱਧੀ ਚੱਲਦੇ ਸੰਘਰਸ਼ ’ਤੇ ਤਰਸ ਨਹੀਂ ਆ ਰਿਹਾ। ਟਾਵਰ ਦੇ ਹੇਠਾਂ ਅੱਜ ਆਮ ਲੋਕਾਂ ਤੇ ਬੇਰੁਜ਼ਗਾਰ ਕਾਰਕੁਨਾਂ ਨੇ ਸਰਕਾਰ ਖ਼ਿਲਾਫ਼ ਕਿੰਨਾ ਚਿਰ ਨਾਅਰੇਬਾਜ਼ੀ ਵੀ ਕੀਤੀ।