ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਮਾਰਚ
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇਥੇ ਬੀਐੱਸਐੱਨਐਲ ਟਾਵਰ ਤੇ ਲਗਾਤਾਰ 7 ਦਿਨਾਂ ਤੋਂ ਭੁੱਖੇ ਪਿਆਸੇ ਦੋਵੇਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਡਟੇ ਹੋਏ ਹਨ । ਲਗਾਤਾਰ ਭੁੱਖੇ ਪਿਆਸੇ ਬੈਠਣ ਕਾਰਨ ਦੋਵਾਂ ਦੀ ਸਰੀਰਕ ਹਾਲਤ ਵਿਗੜਣ ਲਗ ਪਈ ਹੈ। ਕਾਰਕੁਨ ਖਫੇ ਹਨ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਨਹੀਂ ਹੈ। ਇਸ ਮੌਕੇ ਟਾਵਰ ’ਤੇ ਚੜ੍ਹੇ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਰੁਜ਼ਗਾਰ ਸਬੰਧੀ ਮੰਗਾਂ ’ਤੇ ਕੋਈ ਸੁਣਵਾਈ ਨਾ ਹੋਈ ਤਾਂ ਹੋਰ ਵੀ ਤਿੱਖੀ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਹਿਚਕਾਹਟ ਨਹੀਂ ਕਰਨਗੇ। ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਦੱਸਿਆ ਕਿ ਸਰਕਾਰ ਵੱਲੋਂ ਟਾਵਰ ਤੇ ਚੜ੍ਹੇ ਕਾਰਕੁਨਾਂ ਦੀ ਕੋਈ ਸਾਰ ਨਾ ਲਈ ਜਾ ਰਹੀ, ਹਾਲਾਂਕਿ ਦੋਵੇਂ ਕਾਰਕੁਨ ਭੁੱਖੇ ਤਿਹਾਏ ਰਹਿਣ ਦੀ ਵਜ੍ਹਾ ਕਾਰਲ ਸਰੀਕਰ ਪੱਖੋਂ ਕਾਫੀ ਕਮਜ਼ੋਰੀ ਮੰਨਣ ਲੱਗੇ ਹਨ। ਉਨ੍ਹਾ ਦੱਸਿਆ ਕਿ ਉਧਰ ਜਥੇਬੰਦੀ ਨੇ ਅੱਕ ਕੇ ਫੈਸਲਾ ਲਿਆ ਹੈ ਕਿ ਜੇ ਕੱਲ੍ਹ ਤੱਕ ਸਰਕਾਰ ਵੱਲੋਂ ਕੋਈ ਠੋਸ ਹੁੰਗਾਰਾ ਨਾ ਮਿਲਿਆ ਤਾਂ 28 ਮਾਰਚ ਨੂੰ ਮੁੱਖ ਮੰਤਰੀ ਦੇ ਸਥਾਨਕ ਘਰ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕੀਤਾ ਜਾਏਗਾ, ਜਿਸ ਸਬੰਧੀ ਵਰਕਰਾਂ ਦੀਆਂ ਅੱਜ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।