ਅਸ਼ਵਨੀ ਗਰਗ
ਸਮਾਣਾ, 24 ਸਤੰਬਰ
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਆਪਣੇ ਹਲਕੇ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਦਵਾਈਆਂ ਲਗਭਗ ਮੁੱਕ ਚੁੱਕੀਆਂ ਹਨ ਜਿਸ ਕਾਰਨ ਮਰੀਜ਼ਾਂ ਨੂੰ ਬਾਹਰੋਂ ਮਹਿੰਗੇ ਭਾਅ ’ਤੇ ਦਵਾਈਆਂ ਖ਼ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਾਲਾਂਕਿ ਰੈਫਰ ਹਸਪਤਾਲ ਦੇ ਨਾਂ ਨਾਲ ਪਹਿਲਾਂ ਤੋਂ ਹੀ ਮਸ਼ਹੂਰ ਇਸ ਹਸਪਤਾਲ ਵਿੱਚ ਹੁਣ ਦਵਾਈਆਂ ਨਾ ਮਿਲਣ ਕਾਰਨ ਲੋਕਾਂ ਦਾ ਇੱਥੋਂ ਇਲਾਜ ਕਰਵਾਉਣ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਇਸ ਪਾਸੇ ਅੱਖਾਂ ਬੰਦ ਕਰੀ ਬੈਠਾ ਹੈ।
ਆਮ ਆਦਮੀ ਪਾਰਟੀ ਵਧੀਆ ਸਿਹਤ ਅਤੇ ਸਿੱਖਿਆ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਪ੍ਰੰਤੂ ਇਸ ਸਰਕਾਰ ਦੇ ਰਾਜਭਾਗ ਸੰਭਾਲਣ ਤੋਂ ਬਾਅਦ ਪਿਛਲੇ ਕਈ ਮਹੀਨਿਆਂ ਤੋਂ ਸਿਵਲ ਹਸਪਤਾਲ ਸਮਾਣਾ ਵਿੱਚ ਦਵਾਈਆਂ ਦੀ ਵੱਡੀ ਘਾਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਸਮਾਣਾ ਹਲਕੇ ਦੇ ਵਿਧਾਇਕ ਹਨ ਪ੍ਰੰਤੂ ਇਸ ਦੇ ਬਾਵਜੂਦ ਸਮਾਣਾ ਹਲਕੇ ਦੇ ਸਿਵਲ ਹਸਪਤਾਲ ਵਿੱਚ ਵੀ ਲੋਕਾਂ ਨੂੰ ਦਵਾਈ ਤੇ ਹੋਰ ਸਹੂਲਤਾਂ ਨਹੀਂ ਮਿਲ ਰਹੀਆਂ। ੇ
ਹਸਪਤਾਲ ’ਚ ਪਿੰਡ ਦਾਨੀਪੁਰ ਤੋਂ ਆਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਦਵਾਈ ਦਵਾਉਣ ਆਇਆ ਸੀ ਪ੍ਰੰਤੂ ਹਸਪਤਾਲ ਵਿੱਚ ਉਨ੍ਹਾਂ ਨੂੰ ਕੋਈ ਦਵਾਈ ਨਹੀਂ ਮਿਲੀ। ਉਨ੍ਹਾਂ ਨੂੰ ਬਾਹਰੋਂ ਮਹਿੰਗੇ ਭਾਅ ’ਤੇ ਦਵਾਈ ਖ਼ਰੀਦਣੀ ਪਈ ਜਦੋਂ ਕਿ ਉਸ ਦੀ ਆਰਥਿਕ ਹਾਲਤ ਅਜਿਹੀ ਨਹੀਂ ਕਿ ਉਹ ਇੰਨੀ ਮਹਿੰਗੀ ਦਵਾਈ ਖ਼ਰੀਦ ਸਕੇ।
ਆਪਣੇ ਪੋਤੇ ਗੁਰਫਤਿਹ ਸਿੰਘ ਨੂੰ ਦਵਾਈ ਦਵਾਉਣ ਪਿੰਡ ਬਿਜਲਪੁਰ ਤੋਂ ਆਈ ਬਿਰਧ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਉਹ ਆਪਣੇ ਪੋਤੇ ਨੂੰ ਇੱਥੇ ਦਵਾਈ ਦਵਾਉਣ ਆਈ ਸੀ ਪ੍ਰੰਤੂ ਹਸਪਤਾਲ ਵਾਲੇ ਕਹਿੰਦੇ ਕਿ ਇੱਥੇ ਕੋਈ ਦਵਾਈ ਨਹੀਂ, ਦਵਾਈ ਬਾਹਰੋਂ ਲਿਆਉਣ। ਅਜਿਹੀ ਹੀ ਕਹਾਣੀ ਹੋਰ ਵਿਅਕਤੀਆਂ ਨੇ ਵੀ ਬਿਆਨ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਮਹਿੰਗਾ ਇਲਾਜ ਕਰਾਉਣ ਤੋਂ ਅਸਮਰਥ ਹੋਣ ਕਾਰਨ ਹੀ ਸਰਕਾਰੀ ਹਸਪਤਾਲਾਂ ਵਿੱਚ ਆਉਂਦੇ ਹਨ ਪਰ ਇੱਥੋਂ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗ ਰਹੀ ਹੈ।
ਸੂਬੇ ਭਰ ਦੇ ਹਸਪਤਾਲਾਂ ’ਚ ਦਵਾਈਆਂ ਦੀ ਕਮੀ: ਐੱਸਐੱਮਓ
ਸਮਾਣਾ ਦੇ ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਰਿਸ਼ਮਾ ਭੌਰਾ ਨੇ ਕਿਹਾ ਕਿ ਦਵਾਈਆਂ ਦੀ ਪੂਰੇ ਪੰਜਾਬ ਵਿੱਚ ਕਮੀ ਚੱਲ ਰਹੀ ਹੈ, ਉਨ੍ਹਾਂ ਨੂੰ ਆਸ ਹੈ ਕਿ ਛੇਤੀ ਹੀ ਦਵਾਈਆਂ ਦੀ ਕਮੀ ਪੂਰੀ ਹੋ ਜਾਵੇਗੀ।
ਸਾਜ਼ਿਸ਼ ਤਹਿਤ ਦਵਾਈਆਂ ਖਤਮ ਕੀਤੀਆਂ: ਰਾਜਿੰਦਰ ਸਿੰਘ
ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਸਾਜ਼ਿਸ਼ ਹੈ ਜਿਸ ਤਹਿਤ ਪੰਜਾਬ ਦੇ ਹਸਪਾਤਲਾਂ ਵਿੱਚੋਂ ਦਵਾਈਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਪੰਜਾਬ ਦੇ ਗਰੀਬ ਲੋਕਾਂ ਨੂੰ ਵੀ ਪ੍ਰਾਈਵੇਟ ਹਸਪਤਾਲਾਂ ’ਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਵੇ।